ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੌਲੀਵੁਡ ਇੰਡਸਟਰੀ ‘ਚ ਦੀਵਾਲੀ ਮੌਕੇ ਕਈ ਸਿਤਾਰਿਆਂ ਵਲੋਂ ਜਸ਼ਨ ਮਨਾਏ ਗਏ। ਇਨ੍ਹਾਂ ਜਸ਼ਨਾਂ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਹੋਈਆਂ ਸਨ। ਇਨ੍ਹਾਂ ਪਾਰਟੀਆਂ ‘ਚ ਬਹੁਤ ਕੁੱਝ ਖ਼ਾਸ ਹੋਇਆ। ਪੁਰਾਣੇ ਸਮਿਆਂ ਦੌਰਾਨ ਫ਼ਿਲਮਾਂ ‘ਚ ਦੀਵਾਲੀ ਦੇ ਸੀਨ ਫ਼ਿਲਮਾਏ ਜਾਣ ਸਮੇਂ ਜ਼ਿਆਦਾ ਤੋਂ ਜ਼ਿਆਦਾ ਰੌਸ਼ਨੀ ਕੀਤੇ ਜਾਣ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਕਈ ਫ਼ਿਲਮੀ ਗੀਤ ਵੀ ਅਜਿਹੇ ਹਨ ਜਿਨ੍ਹਾਂ ਦਾ ਦੀਵਾਲੀ ਦੇ ਤਿਉਹਾਰ ਨਾਲ ਗਹਿਰਾ ਸਬੰਧ ਹੈ। ਅਜਿਹੇ ਮੌਕੇ ਉਨ੍ਹਾਂ ਗੀਤਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ …
ਬੌਲੀਵੁਡ ‘ਚ ਦੀਵਾਲੀ ਦੇ ਜਸ਼ਨ
ਦੀਵਾਲੀ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਤਿਉਹਾਰ ਹੈ। ਇਸ ਨੂੰ ਹਰ ਭਾਰਤੀ ਆਪਣੇ-ਆਪਣੇ ਢੰਗ ਨਾਲ ਮਨਾਉਂਦਾ ਹੈ। ਇਸ ਵਾਰ ਦੀ ਦੀਵਾਲੀ ਦਾ ਤਿਉਹਾਰ ਵੀ ਬੌਲੀਵੁਡ ਦੇ ਸਿਤਾਰਿਆਂ ਲਈ ਖ਼ਾਸ ਰਿਹਾ। ਫ਼ਿਲਮ ਇੰਡਸਟਰੀ ‘ਚ ਇਸ ਵਾਰ ਦੀਵਾਲੀ ਮੌਕੇ ਕਈ ਜਸ਼ਨ ਮਨਾਏ ਗਏ। ਇਨ੍ਹਾਂ ਜਸ਼ਨਾਂ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਹੋਈਆਂ। ਬੌਲੀਵੁਡ ਸਿਤਾਰਿਆਂ ਪੂਰੀ ਮਸਤੀ ‘ਚ ਝੂਮਦੇ ਹੋਏ ਇਨ੍ਹਾਂ ਜਸ਼ਨਾਂ ਵਿੱਚ ਸ਼ਾਮਿਲ ਹੋਏ। ਬੌਲੀਵੁਡ ‘ਚ ਦੀਵਾਲੀ ਦੀਆਂ ਤਿਆਰੀਆਂ ਬਾਰੇ ਜਾਣ ਕੇ ਸਿਨੇਮਾ ਪ੍ਰੇਮੀਆਂ ਨੂੰ ਵੀ ਹੈਰਾਨੀ ਹੋਵੇਗੀ। ਇੱਕ ਪਾਸੇ ਤਾਂ ਪਾਰਟੀਆਂ ਕੀਤੀਆਂ ਗਈਆਂ ਤੇ ਦੂਜੇ ਪਾਸੇ ਸਟਾਰਜ਼ ਇੱਕ-ਦੂਜੇ ਦੇ ਘਰ ਦੀਵਾਲੀ ਦੀਆਂ ਵਧਾਈਆਂ ਦੇਣ ਲਈ ਦਸਤਕ ਦੇਣ ਗਏ। ਬੌਲੀਵੁੱਡ ਦੇ ਕੁੱਝ ਸਟਾਰਜ਼ ਵਲੋਂ ਇਸ ਵਾਰ ਦੀਵਾਲੀ ਦੇ ਮੌਕੇ ਕੀਤੀਆਂ ਜਾ ਗਈਆਂ ਪਾਰਟੀਆਂ ਦਾ ਜ਼ਿਕਰ ਇਸ ਪ੍ਰਕਾਰ ਹੈ:
ਸ਼ਾਹਰੁਖ਼ ਦਾ ਜਨਮ ਦਿਨ ਤੇ ਦੀਵਾਲੀ
ਅਦਾਕਾਰ ਸ਼ਾਹਰੁਖ਼ ਖ਼ਾਨ ਲਈ ਇਸ ਵਾਰ ਦੀ ਦੀਵਾਲੀ ਬੇਹੱਦ ਖ਼ਾਸ ਸੀ ਕਿਉਂਕਿ ਦੀਵਾਲੀ ਤੋਂ ਕੁੱਝ ਹੀ ਦਨਿ ਪਹਿਲਾਂ, ਯਾਨੀ 2 ਨਵੰਬਰ ਨੂੰ, ਉਸ ਦਾ ਜਨਮ ਦਿਨ ਸੀ। ਬੌਲੀਵੁਡ ਦਾ ਬਾਦਸ਼ਾਹ ਇਸ ਸਾਲ ਆਪਣਾ 53ਵਾਂ ਜਨਮ ਦਿਨ ਮਨਾ ਰਿਹਾ ਸੀ। ਇਸ ਲਈ ਸ਼ਾਹਰੁਖ਼ ਅਤੇ ਉਸ ਦੀ ਪਤਨੀ ਗੌਰੀ ਖ਼ਾਨ ਨੇ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਕਰ ਲਈਆਂ ਸਨ। ਦੀਵਾਲੀ ਅਤੇ ਆਪਣੇ ਜਨਮ ਦਿਨ ਨੂੰ ਲੈ ਕੇ ਸ਼ਾਹਰੁਖ਼ ਨੇ ਕਾਫ਼ੀ ਪਹਿਲਾਂ ਹੀ ਆਪਣਾ ਘਰ ਮੰਨਤ ਰੁਸ਼ਨਾਇਆ ਲਿਆ ਸੀ। ਸ਼ਾਹਰੁਖ਼ ਨੇ ਇਸ ਮੌਕੇ ਆਪਣੀ ਆਉਣ ਵਾਲੀ ਫ਼ਿਲਮ ਜ਼ੀਰੋ ਦਾ ਟ੍ਰੇਲਰ ਵੀ ਰਿਲੀਜ਼ ਕੀਤਾ। ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਸ਼ਾਹਰੁਖ਼ ਅਤੇ ਗੌਰੀ ਖ਼ਾਨ ਨੇ 2 ਨਵੰਬਰ ਨੂੰ ਆਪਣੇ ਘਰ ‘ਚ ਇੱਕ ਵੱਡੀ ਪਾਰਟੀ ਕੀਤੀ ਜਿਸ ਵਿੱਚ ਬੌਲੀਵੁਡ ਦੇ ਕਈ ਸਿਤਾਰੇ ਸ਼ਾਮਿਲ ਹੋਏ। ਇਹ ਪਾਰਟੀ ਸਿਰਫ਼ ਜਨਮ ਦਿਨ ਤਕ ਹੀ ਸੀਮਿਤ ਨਹੀਂ ਰਹੀ ਬਲਕਿ 7 ਨਵੰਬਰ ਦੀ ਦੀਵਾਲੀ ਤਕ ਚੱਲਦੀ ਰਹੀ।
ਏਕਤਾ ਕਪੂਰ ਨੇ ਦਿੱਤੀ ਪਾਰਟੀ
ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਆਪਣੀ ਕਾਮਯਾਬੀ ਦਾ ਲੋਹਾ ਮੰਨਵਾ ਚੁੱਕੀ ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਨੇ ਇਸ ਵਾਰ ਦੀਵਾਲੀ ਬੇਹੱਦ ਖ਼ਾਸ ਤਰੀਕੇ ਨਾਲ ਮਨਾਈ। ਸੂਤਰਾਂ ਮੁਤਾਬਿਕ, ਇਸ ਵਾਰ ਦੀਵਾਲੀ ਦੇ ਮੌਕੇ ਉਸ ਨੇ ਇੱਕ ਵੱਡੀ ਪਾਰਟੀ ਦਿੱਤੀ। ਇਹ ਪਾਰਟੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਭਾਵ 6 ਨਵੰਬਰ ਨੂੰ, ਰੱਖੀ ਕੀਤੀ ਗਈ। ਏਕਤਾ ਕਪੂਰ ਦੀ ਇਸ ਪਾਰਟੀ ‘ਚ ਟੀਵੀ ਤੋਂ ਲੈ ਕੇ ਬੌਲੀਵੁਡ ਦੇ ਛੋਟ-ਵੱਡੇ ਬਹੁਤ ਸਾਰੇ ਸਿਤਾਰੇ ਸ਼ਾਮਲ ਹੋਏ। ਏਕਤਾ ਕਪੂਰ ਹੁਣ ਤਕ ਇੰਨੇ ਟੀਵੀ ਸੀਰੀਅਲ ਅਤੇ ਫ਼ਿਲਮਾਂ ਬਣਾ ਚੁੱਕੀ ਹੈ ਕਿ ਉਸ ਦੀ ਜਾਣ-ਪਛਾਣ ਦਾ ਦਾਇਰਾ ਕਾਫ਼ੀ ਵਸੀਹ ਹੈ।
ਆਮਿਰ ਦਾ ਫ਼ਿਲਮ ਰਿਲੀਜ਼ ਜਸ਼ਨ
ਇਸ ਸਾਲ ਦੀਵਾਲੀ ਮੌਕੇ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਵੀ ਧਮਾਲ ਮਚਾਈ। ਬੌਲੀਵੁਡ ਦੀ ਇਹ ਜੋੜੀ ਆਪਸੀ ਚੰਗੇ ਰਿਸ਼ਤਿਆਂ ਲਈ ਜਾਣੀ ਜਾਂਦੀ ਹੈ। ਦੀਵਾਲੀ ਦਾ ਤਿਉਹਾਰ ਹੋਵੇ ਅਤੇ ਆਮਿਰ ਤੇ ਕਿਰਨ ਕੁੱਝ ਖ਼ਾਸ ਨਾ ਕਰਨ, ਅਜਿਹਾ ਹੋ ਹੀ ਨਹੀਂ ਸਕਦਾ। 7 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਦੀਵਾਲੀ ਮੌਕੇ ਦੋਸਤਾਂ ‘ਤੇ ਕਰੀਬੀਆਂ ਲਈ ਇੱਕ ਪਾਰਟੀ ਰੱਖੀ। ਪਿਛਲੇ ਸਾਲ ਦੀਵਾਲੀ ਮੌਕੇ ਆਮਿਰ ਅਤੇ ਕਿਰਨ ਨੇ ਪੌਲੀ ਹਿਲਜ਼ ਵਿਖੇ ਆਪਣੇ ਭਤੀਜੇ ਇਮਰਾਨ ਖ਼ਾਨ ਦੇ ਘਰ ਇੱਕ ਪਾਰਟੀ ਰੱਖੀ ਸੀ ਅਤੇ ਉਨ੍ਹਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਸੀ। ਇਸ ਵਾਰ ਉਨ੍ਹਾਂ ਦੀ ਪਾਰਟੀ ਪਿਛਲੀ ਵਾਰ ਨਾਲੋਂ ਕੁੱਝ ਖ਼ਾਸ ਰਹੀ। ਇਸ ਵਾਰ ਦੀ ਪਾਰਟੀ ਦੀ ਖ਼ਾਸੀਅਤ ਇਹ ਵੀ ਸੀ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ, ਯਾਨੀ 8 ਨਵੰਬਰ ਨੂੰ, ਆਮਿਰ ਪ੍ਰੋਡਕਸ਼ਨਜ਼ ਦੀ ਇਸ ਸਾਲ ਦੀ ਸਭ ਤੋਂ ਵੱਡੇ ਬਜਟ ਵਾਲੀ ਫ਼ਿਲਮ ਠੱਗਜ਼ ਔਫ਼ ਹਿੰਦੁਸਤਾਨ ਰਿਲੀਜ਼ ਹੋਈ, ਸੋ ਇਸ ਦਾ ਜਸ਼ਨ ਵੀ ਦੀਵਾਲੀ ਦੇ ਜਸ਼ਨਾਂ ‘ਚ ਸ਼ਾਮਿਲ ਕੀਤਾ ਗਿਆ। ਇਸ ਪਾਰਟੀ ‘ਚ ਬੌਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਕੈਟਰੀਨਾ ਕੈਫ਼, ਫ਼ਾਤਿਮਾ ਸਾਨਾ ਸ਼ੇਖ਼ ਤੋਂ ਇਲਾਵਾ ਹੋਰ ਕਈ ਬਾਲੀਵੁੱਡ ਸਿਤਾਰੇ ਖ਼ੁਸ਼ੀ ‘ਚ ਝੂਮਦੇ ਹੋਏ ਨਜ਼ਰ ਆਏ।
ਬਿੱਗ ਬੌਸ ‘ਚ ਸਪਨਾ ਦਾ ਡਾਂਸ
ਟੀਵੀ ਦੇ ਮਸ਼ਹੂਰ ਰੀਐਲਿਟੀ ਸ਼ੋਅ ਬਿੱਗ ਬੌਸ ਸੀਜ਼ਨ-12 ‘ਚ ਇਸ ਵਾਰ ਦੀਵਾਲੀ ਮੌਕੇ ਚੰਗੀ ਧਮਾਲ ਪਿਆ। ਇਸ ਵਾਰ ਦੀਵਾਲੀ ਮੌਕੇ ਕੁੱਝ ਮਸ਼ਹੂਰ ਸ਼ਖ਼ਸੀਅਤਾਂ ਨੂੰ ਕਲਰਜ਼ ਟੀਵੀ ਵਲੋਂ ਆਪਣੇ ਚਰਚਿਤ ਸ਼ੋਅ ਬਿੱਗ ਬੌਸ ਦੇ ਘਰ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਮਸ਼ਹੂਰ ਡਾਂਸਰ ਅਤੇ ਪਿਛਲੇ ਸ਼ੋਅ ਦੀ ਕਨਟੈਸਟੈਂਟ ਸਪਨਾ ਚੌਧਰੀ ਬਿੱਗ ਬੌਸ ਦੇ ਘਰ ‘ਚ ਧਮਾਲ ਮਚਾਉਂਦੀ ਨਜ਼ਰ ਆਈ। ਉਸ ਨੇ ਇਸ ਸ਼ੋਅ ‘ਚ ਆਪਣੇ ਡਾਂਸ ਨਾਲ ਘਰ ‘ਚ ਰਹਿ ਰਹੇ ਲੋਕਾਂ ਦਾ ਮਨੋਰੰਜਨ ਕੀਤਾ। ਸਪਨਾ ਚੌਧਰੀ ਬਿੱਗ ਬੌਸ ਸੀਜ਼ਨ-11 ਦੌਰਾਨ ਕਾਫ਼ੀ ਚਰਚਾ ‘ਚ ਰਹੀ ਸੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਸਪਨਾ ਨੂੰ ਕਈ ਆਇਟਮ ਨੰਬਰਜ਼ ਦੀ ਪੇਸ਼ਕਸ਼ ਮਿਲੀ। ਹੋਰ ਵੀ ਕਈ ਬੌਲੀਵੁਡ ਸਿਤਾਰਿਆਂ ਨੇ ਇਸ ਵਾਰ ਆਪੋ ਆਪਣੇ ਢੰਗ ਨਾਲ ਦੀਵਾਲੀ ਮਨਾਈ।
ਕੈਸੇ ਦੀਵਾਲੀ ਮਨਾਏ ਹਮ ਲਾਲਾ
ਫ਼ਿਲਮ ਪੈਗ਼ਾਮ ਦਾ ਇਹ ਗੀਤ ਮਰਹੂਮ ਗਾਇਕ ਮੁਹੰਮਦ ਰਫ਼ੀ ਨੇ ਗਾਇਆ ਸੀ। ਵੈਸੇ ਇਹ ਇੱਕ ਕੌਮੇਡੀ ਗੀਤ ਹੈ, ਪਰ ਇਸ ‘ਚ ਦੀਵਾਲੀ ਦੇ ਤਿਉਹਾਰ ਨੂੰ ਬੇਹੱਦ ਸਲੀਕੇ ਅਤੇ ਹੁਨਰ ਨਾਲ ਸ਼ਾਮਿਲ ਕੀਤਾ ਗਿਆ ਸੀ। ਗੀਤ ਦੇ ਬੋਲ ਹਾਸਰਸ ਨਾਲ ਭਰਪੂਰ ਹਨ। ਕੈਸੇ ਦੀਵਾਲੀ ਮਨਾਏ ਹਮ ਲਾਲਾ, ਅਪਨਾ ਤੋ ਬਾਰਾਂ ਮਹੀਨੇ ਦੀਵਾਲਾ … ਨੂੰ ਸੁਣ ਕੇ ਅਤੇ ਇਸ ਦਾ ਫ਼ਿਲਮਾਂਕਣ ਦੇਖ ਕੇ ਕੋਈ ਵੀ ਦਰਸ਼ਕ ਝੂਮਣ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸ ਗੀਤ ਨੂੰ ਮਸ਼ਹੂਰ ਕੌਮੇਡੀਅਨ ਜੌਹਨੀ ਵਾਕਰ ‘ਤੇ ਫ਼ਿਲਮਾਇਆ ਗਿਆ ਸੀ।
ਹੈਪੀ ਦੀਵਾਲੀ 2014
ਇਹ ਗੀਤ ਅਸਲ ‘ਚ ਕਿਸੇ ਵੀ ਫ਼ਿਲਮ ਦਾ ਕੋਈ ਮੌਲਿਕ ਗੀਤ ਨਹੀਂ ਹੈ, ਅਤੇ ਨਾ ਹੀ ਇਸ ‘ਚ ਮੌਲਿਕ ਕਲਾਕਾਰ ਹਨ। ਇਹ ਗੀਤ ਵੱਖ-ਵੱਖ ਫ਼ਿਲਮਾਂ ਤੋਂ ਲਏ ਗਏ ਦ੍ਰਿਸ਼ਾਂ ਨੂੰ ਜੋੜ ਕੇ ਬੈਕਗਾਉਂਡ ‘ਚ ਸੰਗੀਤ ਦੇ ਕੇ ਬਣਾਇਆ ਗਿਆ ਸੀ।
ਕਭੀ ਖ਼ੁਸ਼ੀ ਕਭੀ ਗ਼ਮ …
ਮਸ਼ਹੂਰ ਫ਼ਿਲਮਸਾਜ਼ ਕਰਨ ਜੌਹਰ ਦੀ 2001 ‘ਚ ਰਿਲੀਜ਼ ਹੋਈ ਮਲਟੀਸਟਾਰਰ ਸੁਪਰਹਿੱਟ ਫ਼ਿਲਮ ਕਭੀ ਖ਼ੁਸ਼ੀ ਕਭੀ ਗ਼ਮ ਦਾ ਟਾਇਟਲ ਗੀਤ ਅਸਲ ‘ਚ ਦੀਵਾਲੀ ਨਾਲ ਸਬੰਧਤ ਗੀਤ ਹੀ ਸੀ। ਫ਼ਿਲਮ ‘ਚ ਇਸ ਗੀਤ ਦੌਰਾਨ ਅਦਾਕਾਰਾ ਜਯਾ ਬੱਚਨ ਦੀਵਾਲੀ ਦੀ ਪੂਜਾ ਕਰਦੀ ਹੋਈ ਇਹ ਗੀਤ ਗਾਉਂਦੀ ਹੈ। ਇਸ ਗੀਤ ‘ਚ ਮਹਾਨਾਇਕ ਅਮਿਤਾਭ ਬੱਚਨ, ਰਾਣੀ ਮੁਖਰਜੀ ਅਤੇ ਸ਼ਾਹਰੁਖ਼ ਖ਼ਾਨ ਨਜ਼ਰ ਆਉਂਦੇ ਹਨ। ਪੁਰਾਤਨ ਪਹਿਰਾਵੇ ਅਤੇ ਤੇਜ਼ ਚਮਕਦੀ ਰੌਸ਼ਨੀ ਨਾਲ ਇਸ ਗੀਤ ‘ਚ ਦੀਵਾਲੀ ਦਾ ਭਰਪੂਰ ਉਤਸ਼ਾਹ ਨਜ਼ਰ ਆਉਂਦਾ ਹੈ।
ਫ਼ਿਲਮੀ ਗੀਤਾਂ ‘ਚ ਦੀਵਾਲੀ ਦੇ ਰੰਗ
ਮੇਲੇ ਹੈਂ ਚਿਰਾਗ਼ੋਂ ਕੇ, ਰੰਗੀਨ ਦੀਵਾਲੀ ਹੈ …
ਸੰਨ 1961 ‘ਚ ਆਈ ਫ਼ਿਲਮ ਨਜ਼ਰਾਨਾ ਦਾ ਗੀਤ ਮੇਲੇ ਹੈਂ ਚਿਗਾਗ਼ੋਂ ਕੇ ਰੰਗੀਨ ਦੀਵਾਲੀ ਹੈ ਲਤਾ ਮੰਗੇਸ਼ਕਰ ਨੇ ਗਾਇਆ ਸੀ। ਇਹ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਦੇ ਦੌਰ ਦਾ ਇੱਕ ਖ਼ੁਸ਼ਨੁਮਾ ਅਤੇ ਚਰਚਿਤ ਗੀਤ ਹੈ। ਇਸ ਗੀਤ ਦਾ ਫ਼ਿਲਮਾਂਕਣ ਰਾਜ ਕਪੂਰ ਅਤੇ ਵੈਜੰਤੀ ਮਾਲਾ ‘ਤੇ ਕੀਤਾ ਗਿਆ ਸੀ। ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਫ਼ਿਲਮਾਂਕਣ ਵਿੱਚ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਆਤਿਸ਼ਬਾਜ਼ੀ ਅਤੇ ਭਰਪੂਰ ਰੌਸ਼ਨੀ ਨਜ਼ਰ ਆਉਂਦੀ ਹੈ। ਇਹ ਗੀਤ ਅੱਜ ਵੀ ਦੇਖਣ ‘ਤੇ ਸਜੀਵ ਨਜ਼ਰ ਆਉਂਦਾ ਹੈ।
ਦੀਪਾਵਲੀ ਮਨਾਈ ਸੁਹਾਨੀ …
1977 ‘ਚ ਬਣੀ ਫ਼ਿਲਮ ਸ਼ਿਰਡੀ ਕੇ ਸਾਈਂ ਬਾਬਾ ਦਾ ਗੀਤ ਦੀਪਾਵਲੀ ਮਨਾਈ ਸੁਹਾਨੀ ਇਸ ਤਿਉਹਾਰ ਨਾਲ ਸਬੰਧਤ ਸਭ ਤੋਂ ਪਸੰਦੀਦਾ ਗੀਤ ਮੰਨਿਆ ਜਾਂਦਾ ਹੈ। ਆਸ਼ਾ ਭੋਂਸਲੇ ਦੁਆਰਾ ਆਪਣੀ ਸੁਰੀਲੀ ਆਵਾਜ਼ ‘ਚ ਗਾਏ ਗਏ ਇਸ ਗੀਤ ਨੂੰ ਪਰਦੇ ‘ਤੇ ਕਿਸ਼ੋਰੀ ਨਾਂ ਦੀ ਕੁੜੀ ‘ਤੇ ਫ਼ਿਲਮਾਇਆ ਗਿਆ ਸੀ। ਇਸ ਫ਼ਿਲਮ ‘ਚ ਸੁਧੀਰ ਡਾਲਵੀ ਨੇ ਸਾਈਂ ਬਾਬਾ ਦਾ ਕਿਰਦਾਰ ਨਿਭਾਇਆ ਸੀ।
ਸਲਮਾਨ ਬਣੇਗਾ ਛਤਰਪਤੀ ਸ਼ਿਵਾਜੀ
ਬੌਲੀਵੁਡ ਦਾ ਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ‘ਚ ਸਲਮਾਨ ਨਾਲ ਕੈਟਰੀਨਾ, ਦਿਸ਼ਾ ਪਟਾਨੀ, ਕੌਮੇਡੀਅਨ ਸੁਨੀਲ ਗਰੋਵਰ ਵਰਗੇ ਕਲਾਕਾਰ ਕੰਮ ਕਰ ਰਹੇ ਹਨ। ਹੁਣ ਜਾਣਕਾਰੀ ਮਿਲੀ ਹੈ ਕਿ ਉਹ ਅਜੇ ਦੇਵਗਨ ਦੀ ਅਗਲੀ ਫ਼ਿਲਮ ਤਾਨਾਜੀ ‘ਚ ਵੀ ਇੱਕ ਨਿੱਕਾ ਜਿਹਾ, ਪਰ ਅਹਿਮ ਕਿਰਦਾਰ ਨਿਭਾਏਗਾ। ਸੂਤਰਾਂ ਅਨੁਸਾਰ ਫ਼ਿਲਮ ਤਾਨਾਜੀ ਵਿੱਚ ਸਲਮਾਨ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਰੋਲ ਕਰ ਸਕਦਾ ਹੈ। ਹਾਲਾਂਕਿ, ਫ਼ਿਲਮ ਨਿਰਮਾਣ ਨਾਲ ਜੁੜੀ ਟੀਮ ਵਲੋਂ ਅਧਿਕਾਰਕ ਤੌਰ ‘ਤੇ ਅਜੇ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ‘ਚ ਸਲਮਾਨ ਇੱਕ ਕੈਮਿਓ ਰੋਲ ‘ਚ ਨਜ਼ਰ ਆਵੇਗਾ ਕਿਉਂਕਿ ਇਹ ਫ਼ਿਲਮ ਮਹਾਨ ਯੋਧਾ ਤਾਨਾਜੀ ਮਾਲਸੁਰੇ ਦੇ ਜੀਵਨ ‘ਤੇ ਆਧਾਰਿਤ ਹੈ। ਜ਼ਿਕਰਯੋਗ ਹੈ ਕਿ ਤਾਨਾਜੀ, ਛਤਰਪਤੀ ਸ਼ਿਵਾਜੀ ਦਾ ਮੁੱਖ ਸੈਨਾਪਤੀ ਸੀ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਕਿਰਦਾਰ ਨੂੰ ਸੈਫ਼ ਅਲੀ ਖ਼ਾਨ ਨਿਭਾਏਗਾ, ਪਰ ਬਾਅਦ ‘ਚ ਸੈਫ਼ ਨੇ ਆਪਣੇ ਬਿਆਨ ‘ਚ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਹ ਇਸ ਫ਼ਿਲਮ ਦਾ ਹਿੱਸਾ ਤਾਂ ਹੈ ਪਰ ਉਹ ਸ਼ਿਵਾਜੀ ਦਾ ਕਿਰਦਾਰ ਨਹੀਂ ਨਿਭਾ ਰਿਹਾ। ਫ਼ਿਲਮ ਵਿੱਚ ਸੈਫ਼ ਵੀ ਇੱਕ ਯੋਧੇ ਦੇ ਕਿਰਦਾਰ ‘ਚ ਹੀ ਨਜ਼ਰ ਆਵੇਗਾ। ਉਸ ਦਾ ਇਹ ਕਿਰਦਾਰ ਨੈਗੇਟਿਵ ਹੋਵੇਗਾ।
ਸੈਫ਼ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਉਸ ਨੇ ਘੋੜਸਵਾਰੀ ਵੀ ਸਿੱਖੀ। ਫ਼ਿਲਮ ਤਾਨਾਜੀ ਨੂੰ ਖ਼ੁਦ ਅਜੇ ਦੇਵਗਨ ਪ੍ਰੋਡਿਊਸ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ‘ਚ ਉਸ ਦੀ ਪਤਨੀ ਦਾ ਕਿਰਦਾਰ ਅਸਲ ਜ਼ਿੰਦਗੀ ‘ਚ ਬਣੀ ਉਸ ਪਤਨੀ, ਯਾਨੀ ਕਾਜੋਲ, ਨਿਭਾਏਗੀ। ਫ਼ਿਲਮ ਦਾ ਬਜਟ 160 ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਅਜੇ ਦੇਵਗਨ ਪਹਿਲੀ ਵਾਰ ਕਿਸੇ ਇਤਿਹਾਸਿਕ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਾਂਦਾ ਨਜ਼ਰ ਆਵੇਗਾ। ਓਮ ਰਾਵਤ ਦੀ ਡਾਇਰੈਕਸ਼ਨ ‘ਚ ਬਣ ਰਹੀ ਇਹ ਫ਼ਿਲਮ ਅਗਲੇ ਸਾਲ 22 ਨਵੰਬਰ ਮਹਿਨੇ ਰਿਲੀਜ਼ ਹੋਵੇਗੀ।