ਕੰਗਨਾ ਦਾ ਕਹਿਣਾ ਹੈ ਕਿ ਉਸ ਨੂੰ ਜ਼ਿੰਦਗੀ ‘ਚ ਪੈਰ-ਪੈਰ ‘ਤੇ ਆਪਣੇ ਹੱਕਾਂ ਲਈ ਲੜਨਾ ਪਿਆ ਹੈ। ਉਹ ਅੱਜ ਜੋ ਵੀ ਹੈ, ਉਸ ਨੂੰ ਉਹ ਆਪਣੇ ਲੰਬੇ ਸੰਘਰਸ਼ ਦਾ ਨਤੀਜਾ ਮੰਨਦੀ ਹੈ …
ਬੌਲੀਵੁਡ ਕੁਈਨ ਕੰਗਨਾ ਰਨੌਤ ਦਾ ਕਹਿਣਾ ਹੈ ਕਿ ਉਸ ਨੂੰ ਜ਼ਿੰਦਗੀ ‘ਚ ਬਿਨਾਂ ਲੜਿਆਂ ਕੁੱਝ ਵੀ ਹਾਸਿਲ ਨਹੀਂ ਹੋਇਆ। ਉਹ ਨਹੀਂ ਚਾਹੁੰਦੀ ਕਿ ਜਿਸ ਤਰ੍ਹਾਂ ਉਸ ਨੇ ਆਪਣੀ ਜ਼ਿੰਦਗੀ ਜੀਵੀ ਹੈ, ਉਸੇ ਤਰ੍ਹਾਂ ਦੀ ਜ਼ਿੰਦਗੀ ਉਸ ਦੇ ਬੱਚੇ ਵੀ ਜਿਊਣ। ਕੰਗਨਾ ਨੇ ਕੁੱਝ ਦਿਨ ਪਹਿਲਾਂ ਆਪਣੀ ਅਗਲੀ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਦੀ ਸ਼ੂਟਿੰਗ ਪੂਰੀ ਹੋਣ ‘ਤੇ ਮੀਡੀਆ ਅਤੇ ਦਰਸ਼ਕਾਂ ਨਾਲ ਇੱਕ ਵਿਸ਼ੇਸ਼ ਮੁਲਕਾਤ ਦੌਰਾਨ ਕੁੱਝ ਗੱਲਾਂ ਸਾਂਝੀਆਂ ਕੀਤੀਆਂ।
ਕੀ ਤੁਸੀਂ ਆਪਣੀ ਸ਼ਖ਼ਸੀਅਤ ਅਤੇ ਰਾਣੀ ਲਕਸ਼ਮੀ ਬਾਈ ‘ਚ ਕੁੱਝ ਅਸਮਾਨਤਾਵਾਂ ਮਹਿਸੂਸ ਕਰਦੇ ਹੋ? ਇਸ ਸਵਾਲ ਦੇ ਜਵਾਬ ‘ਚ ਕੰਗਨਾ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਰਾਣੀ ਲਕਸ਼ਮੀ ਬਾਈ ਦੀ ਜ਼ਿੰਦਗੀ ‘ਚ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਅਤੇ ਉਨ੍ਹਾਂ ਨੇ ਇਨ੍ਹਾਂ ਰੁਕਾਵਟਾਂ ਨਾਲ ਸੰਘਰਸ਼ ਵੀ ਕੀਤਾ। ਇਹ ਉਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਹੈ ਜਿਸ ਨੂੰ ਤੁਸੀਂ ਕਿਸੇ ਹੋਰ ਲਈ ਮੰਗਦੇ ਹੋ ਖ਼ਾਸ ਤੌਰ ‘ਤੇ ਉਨ੍ਹਾਂ ਲਈ ਜਿਨ੍ਹਾਂ ਨੂੰ ਤੁਸੀਂ ਪਸੰਦ ਜਾਂ ਪਿਆਰ ਕਰਦੇ ਹੋਵੋ।”
ਕੰਗਨਾ ਨੇ ਕਿਹਾ, ”ਇਸ ਲਈ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚਿਆਂ ਨੂੰ ਵੀ ਮੇਰੇ ਵਰਗੀ ਜ਼ਿੰਦਗੀ ਬਤੀਤ ਕਰਨੀ ਪਵੇ। ਮੈਨੂੰ ਨਹੀਂ ਪਤਾ ਕਿਉਂ, ਪਰ ਜਦ ਤੋਂ ਮੈਂ ਪੈਦਾ ਹੋਈ ਹਾਂ ਓਦੋਂ ਤੋਂ ਹੀ ਜ਼ਿੰਦਗੀ ਨਾਲ ਲੜਾਈ ਲੜਨੀ ਪਈ ਹੈ। ਮੇਰੇ ਅਤੇ ਉਨ੍ਹਾਂ (ਰਾਣੀ ਲਕਸ਼ਮੀ ਬਾਈ) ‘ਚ ਇਹੀ ਇੱਕ ਸਮਾਨਤਾ ਹੈ। ਮੈਨੂੰ ਮੇਰੀ ਜ਼ਿੰਦਗੀ ‘ਚ ਬਿਨਾਂ ਲੜਿਆਂ ਕੁੱਝ ਨਹੀਂ ਮਿਲਿਆ, ਪਰ ਮੈਨੂੰ ਨਾ ਤਾਂ ਇਸ ‘ਤੇ ਮਾਣ ਹੈ ਅਤੇ ਨਾ ਹੀ ਸ਼ਰਮਿੰਦਗੀ।”
ਕੰਗਨਾ ਨੇ ਕਿਹਾ, ”ਮੈਂ ਆਪਣੀ ਜ਼ਿੰਦਗੀ ਜਿਊਣ ਦੇ ਢੰਗ ਤੋਂ ਸੰਤੁਸ਼ਟ ਹਾਂ, ਪਰ ਜੇ ਤੁਸੀਂ ਪੁੱਛੋਗੇ ਕਿ ਕੀ ਮੈਂ ਆਪਣੇ ਬੱਚਿਆਂ ਲਈ ਵੀ ਅਜਿਹੀ ਜ਼ਿੰਦਗੀ ਚਾਹੁੰਦੀ ਹਾਂ ਤਾਂ ਮੇਰਾ ਜਵਾਬ ਨਾਂਹ ‘ਚ ਹੋਵੇਗਾ। ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ‘ਚੋਂ ਲੰਘਣਾ ਪਿਆ ਸੀ। ਇਸ ਫ਼ਿਲਮ ਦੇ ਸ਼ੁਰੂਆਤ ਵਿੱਚ ਆਈਆਂ ਸਾਰੀਆਂ ਮੁਸ਼ਕਿਲਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਗਨਾ ਰਨੌਤ ਨੇ ਕਿਹਾ, ”ਹਰ ਫ਼ਿਲਮ ਦਾ ਆਪਣਾ ਇੱਕ ਸਫ਼ਰ ਹੁੰਦਾ ਹੈ, ਇਸ ਫ਼ਿਲਮ ਦਾ ਵੀ ਆਪਣਾ ਇੱਕ ਸਫ਼ਰ ਸੀ। ਇਹ ਸੱਚ ਹੈ ਕਿ ਸ਼ੂਟਿੰਗ ਦੌਰਾਨ ਸ਼ੁਰੂ ‘ਚ ਸਾਨੂੰ ਕੁੱਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਸਾਡੀ ਟੀਮ ਬਹੁਤ ਮਜ਼ਬੂਤ ਸੀ, ਇਸ ਲਈ ਅਸੀਂ ਇਨ੍ਹਾਂ ਮੁਸ਼ਕਿਲਾਂ ‘ਤੇ ਫ਼ਤਹਿ ਹਾਸਿਲ ਕਰ ਲਈ ਅਤੇ ਅੱਜ ਇਥੇ ਅਸੀਂ ਉਸੇ ਜਿੱਤ ਦਾ ਜਸ਼ਨ ਮਨਾਇਆ ਹੈ।”