ਅਦਾਕਾਰਾ ਦੀਪਿਕਾ ਟੀ-ਸੀਰੀਜ਼ ਕੰਪਨੀ ਦੇ ਮਾਲਕ ਸਵਰਗੀ ਗੁਲਸ਼ਨ ਕੁਮਾਰ ਦੀ ਬਾਇਓਪਿਕ ‘ਚ ਆਮਿਰ ਖ਼ਾਨ ਨਾਲ ਅਦਾਕਾਰੀ ਕਰਦੀ ਨਜ਼ਰ ਆ ਸਕਦੀ ਹੈ। ਇਸ ਤੋਂ ਪਹਿਲਾਂ ਦੋਹਾਂ ਨੇ ਇਕੱਠਿਆਂ ਕੋਈ ਫ਼ਿਲਮ ਨਹੀਂ ਕੀਤੀ …
ਅਦਾਕਾਰਾ ਦੀਪਿਕਾ ਪਾਦੁਕੋਣ ਇਸ ਵਕਤ ਕਿਸੇ ਫ਼ਿਲਮ ‘ਚ ਕੰਮ ਨਹੀਂ ਕਰ ਰਹੀ। ਹਾਲ ਹੀ ‘ਚ ਦੀਪਿਕਾ ਦੇ ਨਿਰਮਾਤਾ ਬਣਨ ਦੀ ਗੱਲ ਸਾਹਮਣੇ ਆਈ ਸੀ। ਦੀਪਿਕਾ ਐਸਿਡ ਅਟੈਕ ਪੀੜਿਤਾ ਲਕਸ਼ਮੀ ਅੱਗਰਵਾਲ ‘ਤੇ ਆਧਾਰਿਤ ਇੱਕ ਫ਼ਿਲਮ ਨੂੰ ਪ੍ਰੋਡਿਊਸ ਕਰੇਗੀ। ਕਿਹਾ ਜਾ ਰਿਹਾ ਹੈ ਕਿ ਦੀਪਿਕਾ ਹੀ ਇਸ ਫ਼ਿਲਮ ‘ਚ ਅਦਾਕਾਰੀ ਕਰਦੀ ਨਜ਼ਰ ਆ ਸਕਦੀ ਹੈ। ਇਹ ਫ਼ਿਲਮ ਅਗਲੇ ਸਾਲ ਦੇ ਸ਼ੁਰੂ ਤਕ ਫ਼ਲੋਰ ‘ਤੇ ਆਵੇਗੀ।
ਹੁਣ ਦੀਪਿਕਾ ਨੂੰ ਲੈ ਕੇ ਇੱਕ ਹੋਰ ਜਾਣਕਾਰੀ ਮਿਲੀ ਹੈ ਕਿ ਉਹ ਬੌਲੀਵੁਡ ਦੇ ਸੁਪਰਸਟਾਰ ਆਮਿਰ ਖ਼ਾਨ ਨਾਲ ਪਰਦੇ ‘ਤੇ ਨਜ਼ਰ ਆ ਸਕਦੀ ਹੈ। ਅਸਲ ‘ਚ ਟੀ-ਸੀਰੀਜ ਕੰਪਨੀ ਦੇ ਮਾਲਕ ਸਵਰਗੀ ਗੁਲਸ਼ਨ ਕੁਮਾਰ ‘ਤੇ ਮੋਗ਼ਲ ਨਾਂ ਦੀ ਬਾਇਓਪਿਕ ਬਣ ਰਹੀ ਹੈ। ਇਸ ਫ਼ਿਲਮ ‘ਚ ਪਹਿਲਾਂ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾਉਣ ਵਾਲਾ ਸੀ ਪਰ ਗੱਲ ਨਾ ਬਣ ਸਕੀ। ਚਰਚਾ ਹੈ ਕਿ ਇਸ ਫ਼ਿਲਮ ‘ਚ ਹੁਣ ਆਮਿਰ ਖ਼ਾਨ ਮੁੱਖ ਭੂਮਿਕਾ ਨਿਭਾਏਗਾ। ਪਹਿਲਾਂ ਆਮਿਰ ਨੇ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਸ਼ੁਭਾਸ਼ ਕਪੂਰ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਆਪਣਾ ਨਾਂ ਇਸ ਤੋਂ ਵਾਪਿਸ ਲੈ ਲਿਆ ਸੀ। ਹੁਣ ਜਦੋਂ ਸ਼ੁਭਾਸ਼ ਨੂੰ ਫ਼ਿਲਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ ਤਾਂ ਆਮਿਰ ਮੁੜ ਇਸ ਫ਼ਿਲਮ ਦਾ ਹਿੱਸਾ ਬਣ ਗਿਆ ਹੈ।
ਸੂਤਰਾਂ ਅਨੁਸਾਰ, ਆਮਿਰ ਨਾਲ ਇਸ ਫ਼ਿਲਮ ‘ਚ ਅਦਾਕਾਰਾ ਦੀਪਿਕਾ ਪਾਦੁਕੋਣ ਵੀ ਨਜ਼ਰ ਆ ਸਕਦੀ ਹੈ। ਪਹਿਲਾਂ ਇਸ ਫ਼ਿਲਮ ਲਈ ਸੋਨਾਕਸ਼ੀ ਸਿਨਹਾ ਨੂੰ ਅਪ੍ਰੋਚ ਕੀਤਾ ਗਿਆ ਸੀ, ਪਰ ਸਮਾਂ ਨਾ ਹੋਣ ਕਾਰਨ ਉਸ ਨੇ ਇਸ ਫ਼ਿਲਮ ਨੂੰ ਇਨਕਾਰ ਕਰ ਦਿੱਤਾ। ਹੁਣ ਦੀਪਿਕਾ ਕੋਲ ਇਸ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਹੈ। ਫ਼ਿਲਹਾਲ, ਦੀਪਿਕਾ ਨੂੰ ਸਾਈਨ ਨਹੀਂ ਕੀਤਾ ਗਿਆ, ਪਰ ਉਮੀਦ ਹੈ ਕਿ ਉਹ ਇਸ ਫ਼ਿਲਮ ਦਾ ਹਿੱਸਾ ਬਣੇਗੀ। ਓਦਾਂ ਦੀਪਿਕਾ ਪਾਦੁਕੋਣ ਅਤੇ ਅਦਾਕਾਰ ਰਣਵੀਰ ਸਿੰਘ ਜਲਦ ਹੀ ਵਿਆਹ ਵੀ ਕਰਨ ਵਾਲੇ ਹਨ।