ਸਿੱਖਿਆ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਜਿਹੜੇ ਸਕੂਲਾਂ ਤੋਂ ਅਧਿਆਪਕ ਆਰਜ਼ੀ ਪ੍ਰਬੰਧ ਦੇ ਤੌਰ 'ਤੇ ਮੁੱਖ ਦਫਤਰ ਬੈਠੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਸਕੂਲ ਭੇਜਿਆ ਜਾਵੇ ਅਤੇ ਪ੍ਰਿੰਸੀਪਲਾਂ ਨੂੰ ਵੀ ਹੋਰਨਾਂ ਥਾਵਾਂ ਦੇ ਦਿੱਤੇ ਵਾਧੂ ਚਾਰਜ ਨੂੰ ਵਾਪਸ ਲਿਆ ਜਾਵੇ। ਆਰਟਸ ਵਿਸ਼ੇ ਦੇ ਮਾੜੇ ਨਤੀਜਿਆਂ ਦੀ ਪੜਚੋਲ ਕਰਦਿਆਂ ਸਿੱਖਿਆ ਮੰਤਰੀ ਨੂੰ ਦੱਸਿਆ ਗਿਆ ਕਿ ਕਈ ਸਕੂਲਾਂ ਨੂੰ ਵਿਦਿਆਰਥੀਆਂ ਦੀ ਪਸੰਦ ਅਨੁਸਾਰ ਵਿਸ਼ੇ ਨਹੀਂ ਅਲਾਟ ਕੀਤੇ ਗਏ ਹਨ। ਇਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਸਮੂਹ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਪਸੰਦ ਵਾਲੇ ਵਿਸ਼ੇ ਦੱਸਣ ਲਈ ਕਿਹਾ ਤਾਂ ਜੋ ਪਸੰਦ ਅਨੁਸਾਰ ਵਿਸ਼ੇ ਹੀ ਸਕੂਲਾਂ ਨੂੰ ਅਲਾਟ ਕੀਤੇ ਜਾਣ।
ਡਾ. ਚੀਮਾ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਇਸ ਉਪਰੰਤ ਆਪੋ-ਆਪਣੇ ਸਕੂਲਾਂ ਦੀ ਮੀਟਿੰਗ ਕਰ ਕੇ ਵਿਸ਼ਿਆਂ ਅਨੁਸਾਰ ਨਤੀਜਿਆਂ ਦੀ ਸਮੀਖਿਆ ਕਰਨ। ਡਾ.ਚੀਮਾ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਅਨੁਸ਼ਾਸਣ ਜਾਂ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਬਾਰੇ ਸਖਤ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਲਿਖਤੀ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਅਕਾਦਮਿਕ ਪ੍ਰਬੰਧਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਤਾੜਨਾ ਦਿੰਦਿਆਂ ਕਿਹਾ ਕਿ ਅਗਲੇ ਸਾਲ ਮਾੜੇ ਨਤੀਜਿਆਂ ਵਾਲੇ ਸਕੂਲਾਂ ਦੇ ਸਟਾਫ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪ੍ਰਿੰਸੀਪਲਾਂ ਤੋਂ ਮਾੜੇ ਨਤੀਜਿਆਂ ਦੇ ਕਾਰਨ ਪੁੱਛਣ ਦੇ ਨਾਲ ਮੌਜੂਦਾ ਵਿਦਿਅਕ ਵਰ੍ਹੇ ਵਿੱਚ ਬਿਹਤਰ ਪ੍ਰਾਪਤੀਆਂ ਲਈ ਸੁਝਾਅ ਅਤੇ ਸਕੂਲਾਂ ਦੀਆਂ ਮੰਗਾਂ ਵੀ ਪੁੱਛੀਆਂ। ਕਈ ਸਕੂਲਾਂ ਦੇ ਨਤੀਜਿਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੀ ਪੜਚੋਲ ਕਰਦਿਆਂ ਮਿਲੀਆਂ ਤੁਰੱਟੀਆਂ ਨੂੰ ਜ਼ਮੀਨੀ ਪੱਧਰ 'ਤੇ ਜਾਨਣ ਲਈ ਸਿੱਖਿਆ ਮੰਤਰੀ ਨੇ ਡੀ.ਜੀ.ਐਸ.ਈ. ਨੂੰ ਬਨੂੜ, ਡੀ.ਪੀ.ਆਈ. ਨੂੰ ਰਾਣੀ ਮਾਜਰਾ ਅਤੇ ਡੀ.ਈ.ਓ. ਨੂੰ ਤੀੜਾ ਸਕੂਲਾਂ ਦਾ ਦੌਰਾ ਕਰਨ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਇਨ੍ਹਾਂ ਸਕੂਲਾਂ ਦਾ ਦੌਰਾ ਕਰ ਕੇ ਮੁਕੰਮਲ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ।