ਗੰਨਾ ਕਿਸਾਨਾਂ ਦੇ ਰੋਹ ਅੱਗੇ ਝੁਕੀ ਕੈਪਟਨ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ
ਗੰਨਾ ਕਿਸਾਨਾਂ ਦੇ ਰੋਹ ਅੱਗੇ ਝੁਕੀ ਕੈਪਟਨ ਸਰਕਾਰ, 25 ਰੁਪਏ ਪ੍ਰਤੀ ਕੁਇੰਟਲ ਬੋਨਸ ਦਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਗੰਨਾ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਮਾਲਕਾਂ ਨਾਲ ਮਾਮਲਾ ਸੁਲਝਾ ਲਿਆ ਹੈ। ਹੁਣ ਪੰਜਾਬ ਸਰਕਾਰ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਅਗਲੇ 10 ਦਿਨਾਂ ਵਿੱਚ ਸ਼ੂਗਰ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਸ਼ੁਰੂ ਹੋ ਜਾਵੇਗੀ।ਅੱਜ ਪ੍ਰਾਈਵੇਟ ਸ਼ੂਗਰ ਮਿੱਲਾਂ ਦੇ ਮਾਲਕਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਦੂਜੇ ਦਿਨ ਹੋਈ ਬੈਠਕ ਵਿੱਚ ਇਹ ਮਾਮਲਾ ਸੁਲਝਣ ਦਾ ਦਾਅਵਾ ਕੀਤਾ ਗਿਆ। ਕੈਪਟਨ ਅਮਰਿੰਦਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਗੰਨਾ ਕਿਸਾਨਾਂ ਨੂੰ ਪੱਚੀ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਵੀ ਦੇਵੇਗੀ।

ਯਾਦ ਰਹੇ ਕੇਂਦਰ ਸਰਕਾਰ ਵੱਲੋਂ ਗੰਨੇ ਦਾ ਰੇਟ 275 ਰੁਪਏ ਤੈਅ ਕੀਤਾ ਗਿਆ ਸੀ। ਇਸ ਮਗਰੋਂ ਪੰਜਾਬ ਸਰਕਾਰ ਨੇ 35 ਰੁਪਏ ਵਧਾ ਤੇ 310 ਰੁਪਏ ਦੇਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਪ੍ਰਾਈਵੇਟ ਸ਼ੂਗਰ ਮਿੱਲਾਂ ਨੇ 35 ਰੁਪਏ ਵੱਧ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਕਿਸਾਨ ਸੜਕਾਂ ਉੱਤੇ ਉੱਤਰ ਆਏ। ਸਰਕਾਰ ਨੇ ਹਾਲਾਤ ਵਿਗੜਦਿਆਂ ਅੱਜ ਮਾਮਲਾ ਹੱਲ਼ ਕਰਨ ਦਾ ਦਾਅਵਾ ਕੀਤਾ ਹੈ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗੰਨੇ ਦੀ ਬੈਠਕ ਤੋਂ ਬਾਅਦ ਕਿਹਾ ਕਿ ਮਸਲਾ ਹੱਲ ਹੋ ਚੁੱਕਾ ਹੈ। 400 ਕਰੋੜ ਦੇ ਕਰਜ਼ੇ ਬਾਰੇ ਬਾਜਵਾ ਨੇ ਭਰੋਸਾ ਦਵਾਇਆ ਕਿ ਪੈਸੇ ਹੌਲੀ-ਹੌਲੀ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ। ਬਾਜਵਾ ਨੇ ਕਿਹਾ ਕਿ ਕਿਸਾਨ ਨੂੰ ਗੰਨੇ ਦੀ ਕੀਮਤ 310 ਰੁਪਏ ਪ੍ਰਤੀ ਕੁਇੰਟਲ ਹੀ ਦਿੱਤੀ ਜਾਵੇਗੀ।

ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀ ਮੰਗ ਸੀ ਕਿ ਮਿੱਲ ਨੂੰ ਸ਼ੁਰੂ ਕੀਤਾ ਜਾਵੇ ਤੇ ਪ੍ਰਾਈਵੇਟ ਮਿੱਲਾਂ ਦੇ ਮਾਲਕਾਂ ਨੇ ਮਿੱਲਾਂ ਸ਼ੁਰੂ ਕਰਨ ਲਈ ਹਾਮੀ ਭਰ ਦਿੱਤੀ ਹੈ। ਗੰਨੇ ਦੀ ਕੀਮਤਾਂ ਦੇ ਨਫੇ ਨੁਕਸਾਨ ਬਾਰੇ ਉਨ੍ਹਾਂ ਕਿਹਾ ਕਿ ਨਫਾ ਹੋਵੇ ਜਾਂ ਨੁਕਸਾਨ ਸਰਕਾਰ ਤੇ ਸ਼ੂਗਰ ਮਿੱਲਾਂ ਵਾਲੇ ਰਲ ਕੇ ਚੁੱਕਣਗੇ।