ਕੈਨੇਡਾ: ਹਾਦਸੇ ਮਗਰੋਂ ਟਰੱਕ ਨੂੰ ਅੱਗ ਲੱਗਣ ਨਾਲ ਕਾਰਨ ਜਿਊਂਦਾ ਸੜਿਆ ਪੰਜਾਬੀ ਡਰਾਈਵਰ

ਵੈਨਕੂਵਰ: ਡੈਲਟਾ ਪੋਰਟ ਤੋਂ ਕੰਟੇਨਰ ਲੱਦਣ ਜਾ ਰਹੇ ਪੰਜਾਬੀ ਡਰਾਈਵਰ ਦੀ ਉਸ ਦੇ ਟਰੱਕ ਨੂੰ ਅੱਗ ਲੱਗਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ 37 ਸਾਲਾ ਰਾਜਵਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਰਾਜਵਿੰਦਰ ਸਿੰਘ ਆਪਣੇ ਟਰੱਕ ’ਤੇ ਡੈਲਟਾ ਪੋਰਟ ਵੱਲ ਜਾ ਰਿਹਾ ਸੀ। ਅੱਗੋਂ ਆਉਂਦੇ ਟਰੱਕ ਨੇ ਉਸ ਦੇ ਟਰੱਕ ਨੂੰ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਟੱਕਰ ਕਾਰਨ ਰਾਜਵਿੰਦਰ ਦੇ ਟਰੱਕ ਦਾ ਦਰਵਾਜ਼ਾ ਨਾ ਖੁੱਲ੍ਹ ਸਕਿਆ ਤੇ ਉਹ ਅੰਦਰ ਹੀ ਫਸ ਗਿਆ।ਸਾਰਾ ਟਰੱਕ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਰਾਜਵਿੰਦਰ ਬੁਰੀ ਤਰ੍ਹਾਂ ਝੁਲਸ ਗਿਆ। ਕੁਝ ਮਿੰਟਾਂ ਬਾਅਦ ਮੌਕੇ ’ਤੇ ਪਹੁੰਚੇ ਹੰਗਾਮੀ ਅਮਲੇ ਨੇ ਉਸ ਨੂੰ ਬਾਹਰ ਕੱਢਿਆ ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ। ਸਰੀ ਰਹਿੰਦੇ ਰਾਜਵਿੰਦਰ, ਜਿਸ ਦੇ ਦੋ ਬੱਚੇ ਹਨ, ਨੇ ਦੋ ਸਾਲ ਪਹਿਲਾਂ ਹੀ ਆਪਣਾ ਟਰੱਕ ਖਰੀਦਿਆ ਸੀ। ਡੈਲਟਾ ਪੁਲਿਸ ਅਨੁਸਾਰ ਹਾਦਸੇ ਦੀ ਸਾਰੇ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ।