ਪ੍ਰਵਾਸ ਕਰਨ ਦੀ ਲਾਲਸਾ: ਅਮਰੀਕਾ-ਮੈਕਸੀਕੋ ਸਰਹੱਦ ਕੋਲ ਮਿਲੀ ਭਾਰਤੀ ਬੱਚੀ ਦੀ ਲਾਸ਼

ਹਿਊਸਟਨ: ਅਮਰੀਕੀ ਕਸਟਮ ਤੇ ਬਾਰਡਰ ਸੁਰੱਖਿਆ (ਸੀਬੀਪੀ) ਅਧਿਕਾਰੀਆਂ ਨੂੰ ਮੈਕਸੀਕੋ ਦੀ ਸਰਹੱਦ ਨੇੜਿਓਂ ਸੱਤ ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚੀ ਭਾਰਤੀ ਮੂਲ ਦੀ ਸੀ। ਅਧਿਕਾਰੀ ਇਸ ਨੂੰ ਅਮਰੀਕਾ ‘ਚ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਕਰਨ ਨਾਲ ਜੁੜਿਆ ਮਾਮਲਾ ਮੰਨ ਕੇ ਜਾਂਚ-ਪੜਤਾਲ ‘ਚ ਜੁਟੇ ਹੋਏ ਹਨ।

ਸੀਬੀਪੀ ਏਜੰਸੀ ਅਨੁਸਾਰ ਐਰੀਜ਼ੋਨਾ ਸੂਬੇ ਦੇ ਲਿਊਕਵਿਲੇ ਸ਼ਹਿਰ ਤੋਂ 27 ਕਿਲੋਮੀਟਰ ਦੂਰ ਇਹ ਲਾਸ਼ ਮਿਲੀ ਹੈ। ਏਜੰਸੀ ਦੇ ਗਸ਼ਤੀ ਦਲ ਦੇ ਮੁਖੀ ਰੌਏ ਵਿੱਲੇਰੀਅਲ ਨੇ ਮ੍ਰਿਤਕ ਕੁੜੀ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮੌਤ ਉਨ੍ਹਾਂ ਗਰੋਹਾਂ ਕਾਰਨ ਹੋਈ ਜਾਪਦੀ ਹੈ, ਜੋ ਆਪਣੇ ਫ਼ਾਇਦੇ ਲਈ ਦੂਜਿਆਂ ਦੀ ਜਾਨ ਜ਼ੋਖ਼ਮ ‘ਚ ਪਾ ਰਹੇ ਹਨ।

ਪਤਾ ਲੱਗਾ ਹੈ ਕਿ ਮ੍ਰਿਤਕ ਕੁੜੀ ਚਾਰ ਵਿਅਕਤੀਆਂ ਨਾਲ ਯਾਤਰਾ ਕਰ ਰਹੀ ਸੀ। ਮਨੁੱਖੀ ਤਸਕਰਾਂ ਨੇ ਉਸ ਨੂੰ ਸਰਹੱਦ ‘ਤੇ ਛੱਡ ਦਿੱਤਾ ਸੀ ਅਤੇ ਕਿਸੇ ਖ਼ਤਰਨਾਕ ਜਗ੍ਹਾ ਤੋਂ ਅਮਰੀਕਾ ‘ਚ ਦਾਖ਼ਲ ਹੋਣ ਲਈ ਕਿਹਾ ਸੀ। ਗਸ਼ਤ ਕਰ ਰਹੇ ਅਧਿਕਾਰੀਆਂ ਨੂੰ ਭਾਰਤ ਦੀਆਂ ਦੋ ਔਰਤਾਂ ਤੋਂ ਪੁੱਛਗਿੱਛ ‘ਚ ਇਹ ਜਾਣਕਾਰੀ ਮਿਲੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਉਹ ਅਮਰੀਕਾ ‘ਚ ਕਿਵੇਂ ਦਾਖ਼ਲ ਹੋਈ ਤੇ ਕਿਸ ਤਰ੍ਹਾਂ ਇੱਕ ਔਰਤ ਤੇ ਦੋ ਬੱਚੇ ਉਸ ਤੋਂ ਵਿਛੜ ਗਏ। ਅਧਿਕਾਰੀਆਂ ਨੇ ਦੋਵੇਂ ਔਰਤਾਂ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਲਾਪਤਾ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਕੁਝ ਘੰਟੇ ਬਾਅਦ ਹੀ ਕੁੜੀ ਦੀ ਲਾਸ਼ ਬਰਾਮਦ ਕਰ ਲਈ ਗਈ। ਬਾਕੀ ਲੋਕਾਂ ਦੀ ਭਾਲ ‘ਚ ਹੈਲੀਕਾਪਟਰ ਵੀ ਲਾਏ ਗਏ ਹਨ।

ਇਸ ਦੌਰਾਨ ਸੀਬੀਪੀ ਦੇ ਅਧਿਕਾਰੀਆਂ ਨੂੰ ਦੋ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਮਿਲੇ। ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਇਸ ਸਮੂਹ ਦੇ ਬਾਕੀ ਦੋ ਵਿਅਕਤੀ ਵਾਪਸ ਮੈਕਸੀਕੋ ਦੀ ਸਰਹੱਦ ‘ਚ ਚਲੇ ਗਏ। ਸੀਬੀਪੀ ਤੇ ਮੈਕਸੀਕੋ ਦੇ ਅਧਿਕਾਰੀ ਉਨ੍ਹਾਂ ਦੀ ਭਾਲ ‘ਚ ਜੁਟੇ ਹੋਏ ਹਨ।