ਜਰਖੜ ਖੇਡਾਂ: ਫਰਿਜ਼ਨੋ ਫੀਲਡ ਹਾਕੀ ਕਲੱਬ ਮੋਹਰੀ, ਘਵੱਦੀ ਹਾਕੀ ਸੈਂਟਰ ਵੀ ਚੈਂਪੀਅਨ

9ਵਾਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਧੂਮ-ਧੜੱਕੇ ਨਾਲ ਸਮਾਪਤ ਹੋਇਆ। ਹਾਕੀ ਦੇ ਸੀਨੀਅਰ ਵਰਗ ਵਿੱਚ ਫਰਿਜ਼ਨੋ ਫੀਲਡ ਹਾਕੀ ਕਲੱਬ ਨੇ ਇਤਿਹਾਸਕ ਖਿਤਾਬੀ ਜਿੱਤ ਹਾਸਲ ਕੀਤੀ ਤੇ ਜੂਨੀਅਰ ਵਰਗ ‘ਚ ਸੀਨੀਅਰ ਸੈਕੰਡਰੀ ਸਕੂਲ ਹਾਕੀ ਸੈਂਟਰ ਨੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਲੁਧਿਆਣਾ: ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵੱਲੋਂ ਜਰਖੜ ਖੇਡਾਂ ਦੀ ਕੜੀ ਦਾ 9ਵਾਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਧੂਮ-ਧੜੱਕੇ ਨਾਲ ਸਮਾਪਤ ਹੋਇਆ। ਹਾਕੀ ਦੇ ਸੀਨੀਅਰ ਵਰਗ ਵਿੱਚ ਫਰਿਜ਼ਨੋ ਫੀਲਡ ਹਾਕੀ ਕਲੱਬ ਨੇ ਇਤਿਹਾਸਕ ਖਿਤਾਬੀ ਜਿੱਤ ਹਾਸਲ ਕੀਤੀ ਤੇ ਜੂਨੀਅਰ ਵਰਗ ‘ਚ ਸੀਨੀਅਰ ਸੈਕੰਡਰੀ ਸਕੂਲ ਹਾਕੀ ਸੈਂਟਰ ਨੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮਾਂ ਨੂੰ ਯੁਰਿੰਦਰ ਸਿੰਘ ਹੇਅਰ ਡੀਆਈਜੀ (ਐਡੀਸ਼ਨਲ ਡਰਾਇਕੈਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ) ਨੇ ਇਨਾਮ ਤਕਸੀਮ ਕੀਤੇ।

ਬੀਤੀ ਰਾਤ ਫਲੱਡ ਲਾਇਟਾਂ ਦੀ ਰੌਸ਼ਨੀ ਵਿੱਚ ਫਰਿਜ਼ਨੋ ਫੀਲਡ ਹਾਕੀ ਕਲੱਬ ਤੇ ਦਰਸ਼ਨ ਸਿੰਘ ਆਸੀ ਗਰੇਵਾਲ ਕਲੱਬ ਕਿਲਾ ਰਾਏਪੁਰ ਦਰਮਿਆਨ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਪੈਨਲਟੀ ਸਟ੍ਰੋਕ ਵਿੱਚ ਫਰਿਜ਼ਨੋ ਹਾਕੀ ਫੀਲਡ ਕਲੱਬ ਨੇ 3-2 ਗੋਲਾਂ ਦੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ। ਜੇਤੂ ਟੀਮ ਵੱਲੋਂ ਰਵਿੰਦਰ ਸਿੰਘ ਨੇ 3, ਗੁਰਸਤਿੰਦਰ ਸਿੰਘ ਪਰਗਟ ਨੇ 2 ਤੇ ਲਵਜੀਤ ਸਿੰਘ ਨੇ 1 ਗੋਲ ਕੀਤਾ ਜਦਕਿ ਕਿਲ੍ਹਾ ਰਾਏਪੁਰ ਵੱਲੋਂ ਰਣਬੀਰ ਸਿੰਘ ਮੰਨਾ ਨੇ 3, ਨਵਜੋਤ, ਨਰਿੰਦਰ ਤੇ ਸਤਵੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ।

ਅੱਜ ਦੇ ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਘਵੱਦੀ ਹਾਕੀ ਸੈਂਟਰ ਨੇ ਪੀਪੀਐਸ ਨਾਭਾ ਨੂੰ 3-2 ਨਾਲ ਹਰਾ ਕੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਜੇਤੂ ਟੀਮ ਵੱਲੋਂ ਜਸ਼ਨਦੀਪ ਸਿੰਘ ਨੇ 2, ਅਵਨੀਤ ਸਿੰਘ ਨੇ 1, ਜਦੋਂਕਿ ਪੀਪੀਐਸ ਨਾਭਾ ਵੱਲੋਂ ਗੁਰਕੀਰਤ ਸਿੰਘ ਤੇ ਹਰਦਿਲ ਨੇ 1-1 ਗੋਲ ਕੀਤਾ। ਸੀਨੀਅਰ ਵਰਗ ਵਿੱਚੋਂ ਨੌਜਵਾਨ ਖਿਡਾਰੀਆਂ ਵਿੱਚ ਰਣਬੀਰ ਸਿੰਘ, ਫਰਿਜ਼ਨੋ ਫੀਲਡ ਹਾਕੀ ਕਲੱਬ ਦੇ ਲਵਜੀਤ ਸਿੰਘ ਤੇ ਆਜ਼ਾਦ ਕਲੱਬ ਹਠੂਰ ਦੇ ਗੁਰਜੋਤ ਸਿੰਘ ਲਾਡੀ ਨੂੰ ਮੈਨ ਆਫ ਦਾ ਟੂਰਨਾਮੈਂਟ ਵਜੋਂ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।

ਵੈਟਰਨ ਖਿਡਾਰੀ ਵੱਜੋਂ ਫਰਿਜ਼ਨੋ ਕਲੱਬ ਦੇ ਕੁਲਵਿੰਦਰ ਸਿੰਘ ਨੀਟੂ ਤੇ ਰਾਮਪੁਰ ਕਲੱਬ ਦੇ ਪ੍ਰੇਮ ਸਿੰਘ ਮੈਨ ਆਫ ਦਾ ਟੂਰਨਾਮੈਂਟ ਬਣੇ। ਜੂਨੀਅਰ ਵਰਗ ਵਿੱਚ ਇਕਬਾਲ ਸਿੰਘ ਘਵੱਦੀ ਮੈਨ ਆਫ ਦਾ ਟੂਰਨਾਮੈਂਟ, ਜਸ਼ਨਪ੍ਰੀਤ ਸਿੰਘ ਘਵੱਦੀ ਮੈਨ ਆਫ ਦਾ ਮੈਚ, ਨਾਭਾ ਦਾ ਹਰਦਿਲ ਹਾਕੀ ਪ੍ਰੇਮੀਆਂ ਦਾ ਚਹੇਤਾ ਖਿਡਾਰੀ ਐਵਾਰਡ, ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਦਾ ਸੁਖਪ੍ਰੀਤ ਸਿੰਘ ਨੂੰ ਉੱਭਰਦੇ ਖਿਡਾਰੀ ਵੱਲੋਂ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਭਾਈ ਨਗਾਹੀਆ ਸਿੰਘ ਆਲਮਗੀਰ ਦੀ ਵਿਦਿਆਰਥਣ ਲਕਛਮੀ ਕੁਮਾਰੀ ਸ਼ਰੀਂਹ ਨੂੰ ਕੌਮੀ ਪੱਧਰ ‘ਤੇ ਜਰਖੜ ਅਕੈਡਮੀ ਦੇ ਹਾਕੀ ਖੇਡੇ ਖਿਡਾਰੀ ਜਸ਼ਕਰਨ ਸਿੰਘ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਕੇ ਸਾਈਕਲ ਦੇ ਕੇ ਸਨਮਾਨਿਆ ਗਿਆ। ਜੇਤੂ ਟੀਮਾਂ ਨੂੰ ਨਕਦੀ, ਜੇਤੂ ਟਰਾਫੀਆਂ ਤੇ ਹੋਰ ਐਵਾਰਡਾਂ ਨਾਲ ਸਨਮਾਨਿਆ ਗਿਆ।