ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ….

ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚਡ਼੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇਰ ਇਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ ਕੇ ਸ਼ਹਿਰ ਦੇ ਸਭ ਤੋਂ ਮਹਿੰਗੇ ਹੋਟਲ ਫਲੈਟੀ ਵਿਚ ਆ ਗਈ ਸੀ। ਉਹੀਉ ਸ਼ਹਿਰ ਸੀ, ਪਰ ਸਾਰੇ ਸ਼ਹਿਰ ਨੂੰ ਜਿਵੇਂ ਰਾਤੋ ਰਾਤ ਉਹਦਾ ਨਾਂ ਭੁੱਲ ਗਿਆ ਹੋਵੇ, ਸਾਰਿਆਂ ਦੇ ਮੂੰਹ ਤੋਂ ਸੁਣੀਂਦਾ ਸੀ – ਸ਼ਾਹ ਦੀ ਕੰਜਰੀ।

ਲੋਹਡ਼ੇ ਦਾ ਗਾਉਂਦੀ ਸੀ। ਕੋਈ ਗੌਣ ਵਾਲੀ ਉਹਦੇ ਵਾਂਗ ਮਿਰਜ਼ੇ ਦੀ ਸੱਦ ਨਹੀਂ ਸੀ ਲਾ ਸਕਦੀ। ਇਸ ਲਈ ਲੋਕ ਭਾਵੇਂ ਉਹਦਾ ਨਾਂ ਭੁੱਲ ਗਏ ਸਨ, ਪਰ ਉਹਦੀ ਆਵਾਜ਼ ਨਹੀਂ ਸਨ ਭੁੱਲੇ। ਸ਼ਹਿਰ ਵਿਚ ਜਿਹਦੇ ਘਰ ਵੀ ਤਵਿਆਂ ਵਾਲਾ ਵਾਜਾ ਸੀ, ਉਹ ਉਹਦੇ ਭਰੇ ਹੋਏ ਤਵੇ ਜ਼ਰੂਰ ਖਰੀਦਦਾ ਸੀ। ਪਰ ਸਾਰੇ ਘਰਾਂ ਵਿਚ ਤਵੇ ਦੀ ਫਰਮਾਇਸ਼ ਵੇਲੇ, ਹਰ ਕੋਈ ਇਹੋ ਕਹਿੰਦਾ ਸੀ, “ਅੱਜ ਸ਼ਾਹ ਦੀ ਕੰਜਰੀ ਵਾਲਾ ਤਵਾ ਜ਼ਰੂਰ ਸੁਣਨਾ ਹੈ।”

ਗੁੱਝੀ ਛਿਪੀ ਗੱਲ ਨਹੀਂ ਸੀ, ਸ਼ਾਹ ਦੇ ਘਰਦਿਆਂ ਨੂੰ ਵੀ ਪਤਾ ਸੀ। ਸਿਰਫ਼ ਪਤਾ ਨਹੀਂ ਸੀ, ਉਹਨੀਂ ਲਈ ਗੱਲ ਵੀ ਪੁਰਾਣੀ ਹੋ ਗਈ ਸੀ। ਸ਼ਾਹ ਦਾ ਵੱਡਾ ਮੁੰਡਾ, ਜੋ ਹੁਣ ਵਿਆਹੁਣ ਜੋਗਾ ਸੀ, ਜਦੋਂ ਕੁੱਛਡ਼ ਹੁੰਦਾ ਸੀ ਤਾਂ ਸ਼ਾਹਣੀ ਨੇ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੱਤੀ ਸੀ, ਪਰ ਸ਼ਾਹ ਨੇ ਉਹਦੇ ਗਲ ਵਿਚ ਮੋਤੀਆਂ ਦਾ ਹਾਰ ਪਾ ਕੇ ਉਹਨੂੰ ਆਖਿਆ ਸੀ, “ਸ਼ਾਹਣੀਏ! ਉਹ ਤੇਰੇ ਘਰ ਦੀ ਬਰਕਤ ਏ। ਮੇਰੀ ਅੱਖ ਜਵਾਹਰੀਏ ਦੀ ਅੱਖ ਜੋ ਲੱਖੋਂ ਕੱਖ ਕਰਦਾ ਏ, ਤੇ ਕੱਖੋਂ ਲੱਖ। ਜਿਹਨੂੰ ਪੁਠਾ ਪੈ ਜਾਏ, ਉਹਦਾ ਲੱਖੋਂ ਕੱਖ ਕਰ ਦੇਂਦਾ ਏ। ਪਰ ਜਿਹਨੂੰ ਸਿੱਧਾ ਪੈ ਜਾਏ ਉਹਦਾ ਕੱਖੋਂ ਲੱਖ ਕਰ ਦੇਂਦਾ ਏ। ਉਹ ਵੀ ਨੀਲਮ ਏ ਸਾਡੀ ਰਾਸ ਨਾਲ ਮਿਲ ਗਈ ਏ। ਜਿਸ ਦਿਨ ਤੋਂ ਸੰਗ ਬਣਿਆ ਏ, ਮੈਂ ਮਿੱਟੀ ਨੂੰ ਹੱਥ ਪਾਵਾਂ ਤਾ ਸੋਨਾ ਹੋ ਜਾਂਦੀ ਏ…”

“ਪਰ ਉਹੀਉ ਇਕ ਦਿਨ ਘਰ ਉਜਾਡ਼ ਦੇਵੇਗੀ, ਲੱਖੋਂ ਕੱਖ ਕਰ ਦੇਵੇਗੀ।” ਸ਼ਾਹਣੀ ਨੇ ਛਾਤੀ ਦੇ ਸੱਲ ਨੂੰ ਸਹਿ ਕੇ, ਉਸੇ ਪਾਸਿਉਂ ਦਲੀਲ ਦਿੱਤੀ ਸੀ, ਜਿਸ ਪਾਸਿਉਂ ਸ਼ਾਹ ਨੇ ਗੱਲ ਤੋਰੀ ਸੀ।

“ਮੈਂ ਤਾਂ ਸਗੋਂ ਡਰਨਾਂ – ਕਿ ਇਹਨਾਂ ਕੰਜਰੀਆਂ ਦਾ ਕੀ ਭਰੋਸਾ, ਕਲ੍ਹ ਨੂੰ ਕਿਸੇ ਹੋਰ ਨੇ ਸਬਜ਼ ਬਾਗ ਦਿਖਾਏ, ਤੇ ਜੇ ਇਹ ਹੱਥੋਂ ਨਿਕਲ ਗਈ, ਤਾਂ ਲੱਖੋਂ ਕੱਖ ਹੋ ਜਾਣਾ ਏਂ।”ਸ਼ਾਹ ਨੇ ਫੇਰ ਆਪਣੀ ਦਲੀਲ ਦਿੱਤੀ ਸੀ।

ਤੇ ਸ਼ਾਹਣੀ ਕੋਲ ਹੋਰ ਦਲੀਲ ਨਹੀਂ ਸੀ ਰਹਿ ਗਈ। ਸਿਰਫ ਵਕਤ ਕੋਲ ਰਹਿ ਗਈ ਸੀ, ਤੇ ਵਕਤ ਚੁੱਪ ਸੀ, ਕਈ ਵਰ੍ਹਿਆਂ ਤੋਂ ਚੁੱਪ ਸੀ। ਸ਼ਾਹ ਸੱਚੀ ਮੁਚੀ ਜਿੰਨੇ ਪੈਸੇ ਨੀਲਮ ਉੱਤੇ ਰੋਡ਼੍ਹਦਾ ਸੀ, ਉਸ ਤੋਂ ਕਈ ਗੁਣਾ ਬਹੁਤੇ, ਪਤਾ ਨਹੀਂ ਕਿੱਥੋਂ ਕਿੱਥੋਂ ਰੁਡ਼੍ਹ ਕੇ ਉਹਦੇ ਘਰ ਆ ਜਾਂਦੇ ਸਨ। ਅੱਗੇ ਉਹਦੀ ਛੋਟੀ ਜਿਹੀ ਦੁਕਾਨ, ਸ਼ਹਿਰ ਦੇ ਛੋਟੇ ਬਾਜ਼ਾਰ ਵਿਚ ਹੁੰਦੀ ਸੀ, ਪਰ ਹੁਣ ਸਭ ਤੋ ਵੱਡੇ ਬਾਜ਼ਾਰ ਵਿਚ,  ਲੋਹੇ ਦੇ ਜੰਗਲਿਆਂ ਵਾਲੀ, ਸਭ ਤੋਂ ਵੱਡੀ ਦੁਕਾਨ ਉਹਦੀ ਸੀ। ਘਰ ਦੀ ਥਾਵੇਂ ਪੂਰਾ ਮੁਹੱਲਾ ਹੀ ਉਹਦਾ ਸੀ, ਜਿਹਦੇ ਵਿਚ ਬਡ਼ੇ ਸਰਦੇ ਪੁਜਦੇ ਕਿਰਾਏਦਾਰ ਸਨ। ਤੇ ਜਿਹਦੇ ਵਿਚ ਤਹਿਖ਼ਾਨੇ ਵਾਲੇ ਘਰ ਦਾ, ਉਹਦੀ ਸ਼ਾਹਣੀ, ਕਦੇ ਇਕ ਦਿਨ ਵੀ ਵਸਾਹ ਨਹੀਂ ਸੀ ਖਾਂਦੀ।

ਬਡ਼ੇ ਵਰ੍ਹੇ ਹੋਏ, ਸ਼ਾਹਣੀ ਨੇ ਇਕ ਦਿਨ ਮੋਹਰਾਂ ਵਾਲੇ ਟਰੰਕ ਨੂੰ ਜੰਦਰਾ ਮਾਰਦਿਆਂ, ਸ਼ਾਹ ਨੂੰ ਆਖਿਆ ਸੀ – ਉਹਨੂੰ ਭਾਵੇਂ ਹੋਟਲ ਵਿਚ ਰੱਖ, ਤੇ ਭਾਵੇਂ ਤਾਜ ਮਹੱਲ ਪੁਆ ਦੇ, ਪਰ ਬਾਹਰ ਦੀ ਬਲਾ ਬਾਹਰ ਹੀ ਰੱਖੀਂ, ਉਹਨੂੰ ਮੇਰੇ ਘਰ ਨਾ ਵਾਡ਼ੀਂ। ਮੈਂ ਉਹਦੇ ਮੱਥੇ ਨਹੀਂ ਲੱਗਣਾ। ਤੇ ਸੱਚੀ ਮੁੱਚੀ ਸ਼ਾਹਣੀ ਨੇ ਅੱਜ ਤੱਕ ਉਹਦਾ ਮੂੰਹ ਨਹੀਂ ਸੀ ਵੇਖਿਆ। ਜਦੋਂ ਉਹਨੇ ਇਹ ਗੱਲ ਆਖੀ ਸੀ, ਉਹਦਾ ਵੱਡਾ ਪੁੱਤਰ ਅਜੇ ਸਕੂਲੇ ਪਡ਼੍ਹਦਾ ਸੀ, ਤੇ ਹੁਣ ਉਹ ਵਿਆਹੁਣ ਜੋਗਾ ਹੋ ਪਿਆ ਸੀ, ਪਰ ਸ਼ਾਹਣੀ ਨੇ ਨਾ ਉਹਦੇ ਗੌਣਾਂ ਵਾਲੇ ਤਵੇ ਘਰ ਵਿਚ ਵਡ਼ਣ ਦਿੱਤੇ ਸਨ, ਤੇ ਨਾ ਘਰ ਵਿਚ ਕਿਸੇ ਨੂੰ ਉਹਦਾ ਨਾਂ ਲੈਣ ਦਿੱਤਾ ਸੀ। ਉਂਜ ਉਹਦੇ ਪੁੱਤਰਾਂ ਨੇ ਹੱਟੀ ਹੱਟੀ ਉਹਦੇ ਗੌਣ ਸੁਣੇ ਹੋਏ ਸਨ, ਤੇ ਜਣੇ ਖਣੇ ਤੋਂ ਸੁਣਿਆ ਹੋਇਆ ਸੀ – “ਸ਼ਾਹ ਦੀ ਕੰਜਰੀ।”

ਵੱਡੇ ਪੁੱਤਰ ਦਾ ਵਿਆਹ ਸੀ। ਘਰ ਚਹੁੰ ਮਹੀਨਿਆਂ ਤੋਂ ਦਰਜ਼ੀ ਬੈਠੇ ਹੋਏ ਸਨ, ਕੋਈ ਸੂਟਾਂ ਉਤੇ ਸਿਲਮਾ ਕੱਢ ਰਿਹਾ ਸੀ, ਕੋਈ ਤਿੱਲਾ, ਕੋਈ ਕਿਨਾਰੀ ਤੇ ਕੋਈ ਦੁਪੱਟਿਆਂ ਉਤੇ ਸਿਤਾਰੇ ਮਡ਼੍ਹ ਰਿਹਾ ਸੀ। ਸ਼ਾਹਣੀ ਦੇ ਹੱਥ ਭਰੇ ਹੋਏ ਸਨ – ਰੁਪਈਆਂ ਦੀ ਥੈਲੀ ਕੱਢਦੀ, ਖੋਲ੍ਹਦੀ, ਤੇ ਫੇਰ ਹੋਰ ਥੈਲੀ ਭਰਨ ਲਈ ਤਹਿਖਾਨੇ ਚਲੀ ਜਾਂਦੀ।

ਸ਼ਾਹ ਦੇ ਯਾਰਾਂ ਨੇ, ਸ਼ਾਹ ਨੂੰ ਯਾਰੀ ਦਾ ਵਾਸਤਾ ਪਾਇਆ – ਕਿ ਮੁੰਡੇ ਦੇ ਵਿਆਹ ਤੇ ਕੰਜਰੀ ਜ਼ਰੂਰ ਗੁਆਉਣੀ ਹੈ। ਉਂਜ ਗੱਲ ਉਹਨਾ ਨੇ ਬਡ਼ੇ ਤਰੀਕੇ ਨਾਲ ਆਖੀ ਸੀ, ਤਾਕਿ ਸ਼ਾਹਣੀ ਕਿਤੇ ਵੱਟ ਨਾ ਖਾ ਜਾਏ. “ਉਂਜ ਤਾਂ ਸ਼ਾਹ ਜੀ ਬਥੇਰੀਆਂ ਗੌਣ ਨੱਚਣ ਵਾਲੀਆਂ, ਜਿਹਨੂੰ ਮਰਜ਼ੀ ਜੇ ਬੁਲਾਉ, ਪਰ ਉਥੇ ਮਲਕਾ-ਏ-ਤਰੰਨੁਮ ਜ਼ਰੂਰ ਆਵੇ, ਭਾਵੇਂ ਮਿਰਜ਼ੇ ਦੀ ਇਕੋ ਸੱਦ ਲਾ ਜਾਵੇ।”

ਫ਼ਲੈਟੀ ਹੋਟਲ ਆਮ ਹੋਟਲਾਂ ਜਿਹਾ ਨਹੀਂ ਸੀ। ਉਥੇ ਬਹੁਤ ਅੰਗਰੇਜ਼ ਲੋਕ ਹੀ ਆਉਂਦੇ ਤੇ ਠਹਿਰਦੇ ਸਨ। ਉਹਦੇ ਵਿਚ ਕੱਲੇ ਕੱਲੇ ਵੱਡੇ ਕਮਰੇ ਵੀ ਸਨ, ਪਰ ਵੱਡੇ ਕਮਰੇ ਤਿੰਨ ਕਮਰਿਆਂ ਦੇ ਸੈੱਟ ਵੀ। ਇਹੋ ਜਿਹੇ ਇਕ ਸੈੱਟ ਵਿਚ ਨੀਲਮ ਰਹਿੰਦੀ ਸੀ। ਤੇ ਸ਼ਾਹ ਨੇ ਸੋਚਿਆ ਕਿ ਦੋਸਤਾਂ ਯਾਰਾਂ ਦਾ ਦਿਲ ਖੁਸ਼ ਕਰਨ ਲਈ ਉਹ ਇਕ ਦਿਨ ਨੀਲਮ ਵਾਲੇ ਪਾਸੇ ਇਕ ਰਾਤ ਦੀ ਮਹਿਫ਼ਲ ਰੱਖ ਲਏਗਾ।

“ਇਹ ਤਾਂ ਚੁਬਾਰੇ ਤੇ ਜਾਣ ਵਾਲੀ ਗੱਲ ਹੋਈ।” ਇਕ ਨੇ ਉਜ਼ਰ ਕੀਤਾ, ਤਾਂ ਸਾਰੇ ਬੋਲ ਪਏ, “ਨਹੀਂ ਸ਼ਾਹ ਜੀ, ਉਹ ਤਾਂ ਸਿਰਫ਼ ਤੁਹਾਡਾ ਹੀ ਹੱਕ ਬਣਦਾ ਏ। ਅੱਗੇ ਕਦੀ ਅਸਾਂ ਏਨੇ ਵਰ੍ਹੇ ਕੁਝ ਆਖਿਆ ਏ ? ਉਸ ਥਾਂ ਦਾ ਨਾਂ ਵੀ ਕਦੇ ਨਹੀਂ ਲਿਆ। ਉਹ ਥਾਂ ਤੁਹਾਡੀ ਅਮਾਨਤ ਏ। ਅਸਾਂ ਤਾਂ ਭਤੀਜੇ ਦੇ ਵਿਆਹ ਦੀ ਖੁਸ਼ੀ ਕਰਨੀ ਏ, ਉਹਨੂੰ ਖਾਨਦਾਨੀ ਘਰਾਂ ਵਾਂਗ ਆਪਣੇ ਘਰ ਬੁਲਾਉ, ਸਾਡੀ ਭਾਬੀ ਦੇ ਘਰ…”

ਗੱਲ, ਸ਼ਾਹ ਦੇ ਮਨ ਲਗਦੀ ਸੀ। ਏਸ ਗੱਲੋਂ ਵੀ ਕਿ ਉਹ ਦੋਸਤਾਂ ਯਾਰਾਂ ਨੂੰ ਨੀਲਮ ਦਾ ਰਾਹ ਨਹੀਂ ਸੀ ਵਿਖਾਣਾ ਚਾਹੁੰਦਾ (ਭਾਵੇਂ ਉਹਦੇ ਕੰਨੀਂ ਭਿਣਕ ਪੈਂਦੀ ਰਹਿੰਦੀ ਸੀ ਕਿ ਉਹਦੀ ਗ਼ੈਰ-ਹਾਜ਼ਰੀ ਵਿਚ ਹੁਣ ਕੋਈ ਹੋਰ ਅਮੀਰਜ਼ਾਦਾ ਨੀਲਮ ਕੋਲ ਆਉਣ ਲੱਗ ਪਿਆ ਸੀ) – ਤੇ ਦੂਸਰਾ ਏਸ ਗੱਲੋਂ ਵੀ, ਕਿ ਉਹ ਚਾਹੁੰਦਾ ਸੀ ਨੀਲਮ ਇਕ ਵਾਰੀ ਉਹਦੇ ਘਰ ਆ ਕੇ , ਉਹਦੇ ਘਰ ਦੀ ਤਡ਼ਕ ਭਡ਼ਕ ਵੇਖ ਜਾਵੇ। ਪਰ ਉਹ ਸ਼ਾਹਣੀ ਤੋਂ ਡਰਦਾ ਸੀ, ਦੋਸਤਾਂ ਨੂੰ ਹਾਮੀ ਨਾ ਭਰ ਸਕਿਆ।

ਦੋਸਤਾਂ ਯਾਰਾਂ ਵਿਚੋਂ ਹੀ ਦੋਂਹ ਨੇ ਰਾਹ ਕੱਢਿਆ, ਤੇ ਸ਼ਾਹਣੀ ਕੋਲ ਜਾ ਕੇ ਉਹਨੂੰ ਆਖਣ ਲੱਗੇ, “ਭਾਬੀ! ਤੂੰ ਮੁੰਡੇ ਦਾ ਵਿਆਹ ਦਾ ਗੌਣ ਨਹੀਂ ਬਿਠਾਣਾ ? ਅਸਾਂ ਤਾ ਸਾਰੀ ਖੁਸ਼ੀ ਕਰਨੀ ਏ। ਸ਼ਾਹ ਨੇ ਸਲਾਹ ਬਣਾਈ ਏ ਕਿ ਇਕ ਰਾਤ ਯਾਰਾਂ ਦੀ ਮਹਿਫ਼ਲ ਨੀਲਮ ਦੇ ਪਾਸੇ ਹੋ ਜਾਵੇ। ਗੱਲ ਤਾਂ ਠੀਕ ਏ, ਪਰ ਹਜ਼ਾਰਾਂ ਉੱਜਡ਼ ਜਾਣਗੇ। ਆਖ਼ਰ ਘਰ ਤਾਂ ਤੇਰਾ ਏ, ਅੱਗੇ ਉਸ ਕੰਜਰੀ ਕੇਲ ਥੋਡ਼੍ਹਾ ਖੁਆ ਲਿਆ ਏ? ਤੂੰ ਸਿਆਣੀ ਬਣ, ਉਹਨੂੰ ਗੌਣ ਵਜਾਉਣ ਲਈ ਇਥੇ ਬੁਲਾ ਲੈ ਇਕ ਦਿਨ ? ਮੁੰਡੇ ਦੇ ਵਿਆਹ ਦੀ ਖੁਸ਼ੀ ਵੀ ਹੋ ਜਾਵੇਗੀ, ਤੇ ਰੁਪਈਆ ਉਜਡ਼ਣੋਂ ਬਚ ਜਾਵੇਗਾ।”

ਸ਼ਾਹਣੀ ਪਹਿਲਾਂ ਤਾਂ ਭਰੀ ਪੀਤੀ ਬੋਲੀ, “ਮੈਂ ਉਸ ਕੰਜਰੀ ਦੇ ਮੱਥੇ ਨਹੀਂ ਲੱਗਣਾ।” ਪਰ ਜਦੋਂ ਅਗਲਿਆਂ ਠਰ੍ਹਮੇਂ ਨਾਲ ਆਖਿਆ, “ਇਥੇ ਤਾਂ ਭਾਬੀ ਤੇਰਾ ਰਾਜ ਏ, ਉਹ ਬਾਂਦੀ ਬਣ ਕੇ ਆਵੇਗੀ, ਤੇਰੇ ਹੁਕਮ ਦੀ ਬੱਧੀ। ਤੇਰੇ ਪੁੱਤਰ ਦੀ ਖੁਸ਼ੀ ਕਰਨ ਲਈ। ਹੇਠੀ ਤਾਂ ਉਹਦੀ ਏ, ਤੇਰੀ ਕਾਹਦੀ ਏ? ਜਹੇ ਕੰਮੀ ਕਮੀਣ ਆਏ, ਡੂਮ ਮਰਾਸੀ, ਤਹੀ ਉਹ।”

ਗੱਲ, ਸ਼ਾਹਣੀ ਦੇ ਮਨ ਲਗ ਗਈ। ਉਂਜ ਵੀ ਕਦੇ ਸੁੱਤਿਆਂ ਬੈਠਦਿਆਂ ਉਹਨੂੰ ਖ਼ਿਆਲ ਆਉਂਦਾ ਹੁੰਦਾ ਸੀ – ਇਕ ਵਾਰੀ ਵੇਖਾਂ ਤਾਂ ਸਹੀ, ਕਿਹੋ ਜਿਹੀ ਏ? ਉਹਨੇ ਕਦੀ ਉਹ ਵੇਖੀ ਨਹੀਂ ਸੀ, ਪਰ ਕਿਆਸੀ ਜ਼ਰੂਰ ਸੀ – ਭਾਵੇਂ ਡਰ ਕੇ ਸਹਿਮ ਕੇ, ਤੇ ਭਾਵੇਂ ਇਕ ਕਰਿਹਤ ਨਾਲ। ਤੇ ਸ਼ਹਿਰ ਵਿਚੋਂ ਲੰਘਦਿਆਂ ਪਾਂਦਿਆਂ, ਜੇ ਕਿਸੇ ਕੰਜਰੀ ਨੂੰ ਉਹ ਟਾਂਗੇ ਵਿਚ ਬੈਠੀ ਨੂੰ ਵੇਖਦੀ, ਤਾਂ ਨਾ ਸੋਚਣਾ ਚਾਹੁੰਦੀ ਵੀ ਸੋਚ ਜਾਂਦੀ – ਕੀ ਪਤਾ ਉਹੀਉ ਹੋਵੇ ?

“ਚੱਲ ਮੈਂ ਵੀ ਇਕ ਵਾਰੀ ਵੇਖ ਛੱਡਾਂ”, ਉਹ ਮਨ ਵਿਚ ਘੁਲ ਜਹੀ ਗਈ, “ਜੋ ਉਹਨੇ ਮੇਰਾ ਵਗਾਡ਼ਣਾ ਸੀ, ਵਗਾਡ਼ ਲਿਆ, ਹੁਣ ਹੋਰ ਕੀ ਕਰ ਲੈਣਾ ਏ! ਇਕ ਵਾਰੀ ਚੰਦਰੀ ਨੂੰ ਵੇਖ ਤੇ ਛੱਡਾਂ।”

ਤੇ ਸ਼ਾਹਣੀ ਨੇ ਹਾਮੀ ਭਰ ਦਿੱਤੀ, ਪਰ ਇਕ ਸ਼ਰਤ ਲਾਈ, “ਇਥੇ ਨਾ ਸ਼ਰਾਬ ਉਡੇਗੀ, ਨਾ ਕਬਾਬ। ਭਲੇ ਘਰਾਂ ਵਿਚ ਜਿਵੇਂ ਗੌਣ ਬਹਿੰਦੇ ਨੇ, ਉਸੇ ਤਰ੍ਹਾਂ ਗੌਣ ਬਿਠਾਵਾਂਗੀ। ਤੁਸੀਂ ਮਰਦ ਮਾਹਣੂ ਵੀ ਬਹਿ ਜਾਣਾ। ਉਹ ਆਵੇ, ਤੇ ਸਿੱਧੀ ਤਰ੍ਹਾਂ ਗੌਂ ਕੇ ਤੁਰ ਜਾਏ। ਮੈਂ ਉਹੀਉ ਚਾਰ ਪਤਾਸੇ ਉਹਦੀ ਝੋਲੀ ਪਾ ਦਿਆਂਗੀ, ਜੋ ਹੋਰ ਕੁਡ਼ੀਆਂ ਚਿਡ਼ੀਆਂ ਨੂੰ ਦਿਆਂਗੀ, ਜੋ ਘੋਡ਼ੀਆਂ ਗੌਣਗੀਆਂ।”

“ਇਹੋ ਹੀ ਤੇ ਭਾਬੀ, ਅਸੀਂ ਕਹਿਨੇ ਆਂ।” ਸ਼ਾਹ ਦੇ ਦੋਸਤਾਂ ਨੇ ਫੁਲਾਹੁਣੀ ਦਿੱਤੀ, “ਤੇਰੀ ਸਿਆਣਪ ਨਾਲ ਹੀ ਤੇ ਘਰ ਬਣਿਆ ਹੋਇਆ ਏ, ਨਹੀਂ ਤਾਂ ਖੌਰੇ ਕੀ ਭਾਣਾ ਵਰਤ ਜਾਂਦਾ।”

ਉਹ ਆਈ। ਸ਼ਾਹਣੀ ਨੇ ਆਪ ਆਪਣੀ ਬੱਘੀ ਭੇਜੀ ਸੀ। ਘਰ ਮੇਲ ਨਾਲ ਭਰਿਆ ਹੋਇਆ ਸੀ। ਵੱਡੇ ਕਮਰੇ ਵਿਚ ਚਿੱਟੀਆਂ ਚਾਦਰਾਂ ਵਿਛਾ ਕੇ, ਅੱਧ ਵਿਚਕਾਰ ਢੋਲਕੀ ਰੱਖੀ ਹੋਈ ਸੀ। ਘਰ ਦੀਆਂ ਤੀਵੀਆਂ ਨੇ ਘੋਡ਼ੀਆਂ ਛੋਹੀਆਂ ਹੋਈਆਂ ਸਨ…

ਬੱਘੀ ਬੂਹੇ ਅੱਗੇ ਆ ਖਲੋਤੀ, ਤਾਂ ਮੇਲਣਾਂ ਵਿਚੋਂ ਜੋ ਕਾਹਲੀਆਂ ਸਨ, ਕੁਝ ਭੱਜ ਕੇ ਬਾਰੀਆਂ ਵਲ ਚਲੀਆਂ ਗਈਆਂ, ਤੇ ਕੁਝ ਪੌਡ਼ੀਆਂ ਵਾਲੇ ਪਾਸੇ….

“ਨੀ ਬਦਸਗਣੀ ਕਿਉਂ ਕਰਦੀਆਂ ਹੋ, ਘੋਡ਼ੀ ਵਿੱਚੇ ਹੀ ਛੱਡ ਦਿੱਤੀ ਜੇ” ਸ਼ਾਹਣੀ ਨੇ ਦਬਕਾ ਜਿਹਾ ਮਾਰਿਆ। ਪਰ ਉਹਦੀ ਆਵਾਜ਼ ਉਹਨੂੰ ਆਪ ਹੀ ਮੱਠੀ ਜਿਹੀ ਲੱਗੀ। ਜਿਵੇਂ ਉਹਦੇ ਦਿਲ ਵਿਚ ਇਕ ਧਮਕ ਪਈ ਹੋਵੇ..

ਉਹ ਪੌਡ਼ੀਆਂ ਚਡ਼੍ਹ ਕੇ, ਬੂਹੇ ਤਕ ਆ ਗਈ ਸੀ। ਸ਼ਾਹਣੀ ਨੇ ਆਪਣੀ ਗੁਲਾਬੀ ਧੋਤੀ ਦਾ ਪੱਲਾ ਸਵਾਹਰਾ ਕੀਤਾ, ਜਿਵੇਂ ਸਾਹਮਣੇ ਤੱਕਣ ਲਈ ਉਹ ਧੋਤੀ ਦੇ ਸਗਣਾਂ ਵਾਲੇ ਗੁਲਾਬੀ ਰੰਗ ਦੀ ਸ਼ਹਿ ਲੈ ਰਹੀ ਹੋਵੇ..

ਸਾਹਮਣੇ – ਉਹਨੇ ਹਰੇ ਰੰਗ ਦਾ ਬਾਂਕਡ਼ੀ ਵਾਲਾ ਗਰਾਰਾ ਪਾਇਆ ਹੋਇਆ ਸੀ, ਗਲ ਸੂਹੇ ਰੰਗ ਦੀ ਕਮੀਜ਼ ਸੀ, ਤੇ ਸਿਰ ਤੋਂ ਪੈਰਾਂ ਤਕ ਢਲਕੀ ਹੋਈ ਹਰੇ ਰੇਸ਼ਮ ਦੀ ਚੁੰਨੀ। ਇਕ ਝਿਲਮਿਲ ਜਹੀ ਹੋਈ। ਸ਼ਾਹਣੀ ਨੂੰ ਇਕ ਪਲ ਸਿਰਫ਼ ਇਹੀ ਜਾਪਿਆ – ਜਿਵੇਂ ਹਰਾ ਰੰਗ ਸਾਰੇ ਬੂਹੇ ਵਿਚ ਫੈਲ ਗਿਆ ਹੈ…

ਫੇਰ ਕੱਚ ਦੀਆਂ ਚੂਡ਼ੀਆਂ ਦੀ ਛਣ ਛਣ ਹੋਈ, ਤਾਂ ਸ਼ਾਹਣੀ ਨੇ ਵੇਖਿਆ – ਇਕ ਗੋਰਾ ਗੋਰਾ ਹੱਥ, ਇਕ ਉਡ਼ੇ ਹੋਏ ਮੱਥੇ ਨਾਲ ਛੋਹ ਕੇ, ਉਹਨੂੰ ਸਲਾਮ ਦੁਆ ਜਿਹਾ ਕੁਝ ਆਖਦਾ ਪਿਆ ਹੈ, ਤੇ ਨਾਲ ਹੀ ਇਕ ਛਣਕਦੀ ਜਹੀ ਆਵਾਜ਼ – “ਬਡ਼ੀਆਂ ਮੁਬਾਰਕਾਂ ਸ਼ਾਹਣੀ! ਬਡ਼ੀਆਂ ਮੁਬਾਰਕਾਂ…”

ਉਹ ਬਡ਼ੀ ਛਮਕ ਜਿਹੀ ਸੀ, ਪੁਤਲੀ ਜਿਹੀ। ਹੱਥ ਲਾਇਆਂ ਦੂਹਰੀ ਹੁੰਦੀ। ਸ਼ਾਹਣੀ ਨੇ ਉਹਨੂੰ ਇਕ ਢੋਅ ਵਾਲੇ ਸਿਰਹਾਣੇ ਵਲ ਹੱਥ ਕਰਕੇ ਬਹਿਣ ਲਈ ਆਖਿਆ, ਤਾਂ ਸ਼ਾਹਣੀ ਨੂੰ ਜਾਪਿਆ ਕਿ ਉਹਦੀ ਮਾਸ ਨਾਲ ਭਰੀ ਹੋਈ ਬਾਂਹ ਬਡ਼ੀ ਹੀ ਬੇਡੌਲੀ ਲਗਦੀ ਪਈ ਹੈ…

ਕਮਰੇ ਦੀ ਗੁੱਠੇ – ਸ਼ਾਹ ਵੀ ਸੀ, ਉਹਦੇ ਮਿੱਤਰ ਵੀ ਸਨ, ਸਾਕਾਂ ਵਿਚੋਂ ਵੀ ਕੁਝ ਮਰਦ। ਉਸ ਛਮਕ ਜਿਹੀ ਨੇ ਉਸ ਗੁੱਠ ਵਲ ਤੱਕ ਕੇ ਵੀ ਇਕ ਵਾਰੀ ਸਲਾਮ ਆਖੀ, ਤੇ ਫੇਰ ਪਰ੍ਹਾਂ ਢੋਅ ਵਾਲੇ ਸਰਹਾਣੇ ਕੋਲ ਠੁਮਕ ਕੇ ਬਹਿ ਗਈ। ਬਹਿਣ ਲੱਗੀ ਦੀਆਂ, ਕੱਚ ਦੀਆਂ ਚੂਡ਼ੀਆਂ, ਫੇਰ ਛਣਕੀਆਂ ਸਨ, ਸ਼ਾਹਣੀ ਨੇ ਇਕ ਵਾਰੀ ਫੇਰ ਉਹਦੀਆਂ ਬਾਹਵਾਂ ਵਲ ਵੇਖਿਆ, ਹਰੀਆਂ ਕੱਚ ਦੀਆਂ ਚੂਡ਼ੀਆਂ ਨੂੰ, ਤੇ ਫੇਰ ਸੁਭਾਉਕੇ ਹੀ ਆਪਣੀਆਂ ਬਾਹਵਾਂ ਵਿਚ ਪਏ ਹੋਏ ਸੋਨੇ ਦੇ ਚੂਡ਼ੇ ਵਲ ਵੇਖਣ ਲੱਗ ਪਈ…

ਕਮਰੇ ਵਿਚ ਇਕ ਚਕਾਚੌਂਧ ਜਿਹੀ ਛਾ ਗਈ। ਹਰ ਇਕ ਦੀਆਂ ਅੱਖਾਂ ਜਿਵੇਂ ਇਕੋ ਪਾਸੇ ਉੱਲਰ ਪਈਆਂ, ਸ਼ਾਹਣੀ ਦੀਆਂ ਆਪਣੀਆਂ ਅੱਖਾਂ ਵੀ, ਪਰ ਉਹਨੂੰ ਆਪਣੀਆਂ ਅੱਖਾਂ ਤੋਂ ਛੁੱਟ ਸਾਰੀਆਂ ਅੱਖਾਂ ਉਤੇ ਕਰੋਧ ਜਿਹਾ ਆ ਗਿਆ… ਉਹ ਫੇਰ ਇਕ ਵਾਰੀ ਆਖਣਾ ਚਾਹੁੰਦੀ ਸੀ – ਨੀ ਬਦਸਗਣੀ ਕਿਉਂ ਕਰਦੀਆਂ ਹੋ? ਘੋਡ਼ੀਆਂ ਗਾਉ ਨਾ… ਪਰ ਉਹਦੀ ਆਵਾਜ਼ ਉਹਦੇ ਸੰਘ ਵਿਚ ਮੇਲੀ ਗਈ। ਸ਼ਾਇਦ ਹੋਰਾਂ ਦੀ ਆਵਾਜ਼ ਵੀ ਉਹਨਾਂ ਦੇ ਸੰਘ ਵਿਚ ਮੇਲੀ ਗਈ ਸੀ, ਕਮਰੇ ਵਿਚ ਇਕ ਚੁੱਪ ਛਾ ਗਈ। ਉਹ ਕਮਰੇ ਦੇ ਅੱਧ ਵਿਚ ਪਈ ਹੋਈ ਢੋਲਕੀ ਵਲ ਤੱਕਣ ਲੱਗ ਪਈ, ਤੇ ਉਹਦਾ ਜੀਅ ਕੀਤਾ ਉਹ ਬਡ਼ੀ ਜ਼ੋਰ ਦੀ ਢੋਲਕੀ ਵਜਾਏ…

ਚੁੱਪ ਉਸੇ ਨੇ ਤੋਡ਼ੀ, ਜਿਹਦੇ ਪਿੱਛੇ ਚੁੱਪ ਛਾ ਗਈ ਸੀ। ਕਹਿਣ ਲੱਗੀ “ਮੈਂ ਤਾਂ ਸਭ ਤੋਂ ਪਹਿਲਾਂ ਘੋਡ਼ੀ ਗਾਵਾਂਗੀ, ਮੁੰਡੇ ਦਾ ਸਗਣ ਕਰਾਂਗੀ, ਕਿਉਂ ਸ਼ਾਹਣੀ ?” ਤੇ ਸ਼ਾਹਣੀ ਵਲ ਤੱਕਦੀ ਹੱਸਦੀ ਨੇ ਘੋਡ਼ੀ ਛੋਹ ਦਿੱਤੀ, “ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ, ਤੇਰੀ ਮਾਂ ਵੇ ਸੁਹਾਗਣ ਤੇਰੇ ਸਗਣ ਕਰੇ..”

ਸ਼ਾਹਣੀ ਨੂੰ ਅਚਾਨਕ ਠਰ੍ਹਮਾਂ ਜਿਹਾ ਆ ਗਿਆ – ਸ਼ਾਇਦ ਇਸ ਲਈ ਕਿ ਗੀਤ ਵਿਚਲੀ ਮਾਂ ਉਹੀ ਹੈ, ਤੇ ਉਹਦਾ ਮਰਦ ਵੀ ਸਿਰਫ਼ ਉਹਦਾ ਮਰਦ ਹੈ – ਤਾਂਹੀਏਂ ਤਾਂ ਮਾਂ ਸੁਹਾਗਣ ਹੈ…

ਸ਼ਾਹਣੀ, ਹੱਸਦੇ ਜਿਹੇ ਮੂੰਹ ਨਾਲ, ਉਹਦੇ ਅਸਲੋਂ ਸਾਹਮਣੇ ਬਹਿ ਗਈ – ਜੋ ਇਸ ਵੇਲੇ ਉਹਦੇ ਪੁੱਤਰ ਦੇ ਸਗਣ ਕਰਦੀ ਪਈ ਸੀ…

ਘੋਡ਼ੀ ਖ਼ਤਮ ਹੋਈ ਤਾਂ ਕਮਰੇ ਦੀ ਬੋਲ ਚਾਲ ਪਰਤ ਪਈ। ਫੇਰ ਕੁਝ ਸੁਭਾਵਕ ਜਿਹਾ ਹੋ ਗਿਆ। ਔਰਤਾਂ ਾਲੇ ਪਾਸਿਉਂ ਫ਼ਰਮਾਇਸ਼ ਆਈ – “ਢੋਲਕੀ ਰੋਡ਼ੇ ਵਾਲਾ ਗੀਤ”ਮਰਦਾਂ ਵਾਲੇ ਪਾਸਿਉਂ ਫ਼ਰਮਾਇਸ਼ ਆਈ “ਮਿਰਜ਼ੇ ਦੀਆਂ ਸੱਦਾਂ।”

ਗੌਣ ਵਾਲੀ ਨੇ ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਸੁਣੀ ਅਣਸੁਣੀ ਕਰ ਦਿੱਤੀ, ਤੇ ਢੋਲਕੀ ਨੂੰ ਆਪਣੇ ਵੱਲ ਖਿੱਚ ਕੇ ਉਹਨੇ ਢੋਲਕੀ ਨਾਲ ਆਪਣਾ ਗੋਡਾ ਜੋਡ਼ ਲਿਆ। ਸ਼ਾਹਣੀ ਕੁਝ ਰਉਂ ਵਿਚ ਆ ਗਈ – ਸ਼ਾਇਦ ਇਸ ਲਈ ਕਿ ਗੌਣ ਵਾਲੀ, ਮਰਦਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਦੀ ਥਾਂ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਨ ਲੱਗੀ ਸੀ…

ਮੇਲ ਆਈਆਂ ਔਰਤਾਂ ਵਿਚੋਂ ਸ਼ਾਇਦ ਕੁਝ ਨੂੰ ਪਤਾ ਨਹੀਂ ਸੀ, ਉਹ ਇਕ ਦੂਜੀ ਕੋਲੋਂ ਕੁਝ ਪੁੱਛ ਰਹੀਆਂ ਸਨ, ਤੇ ਕਈ ਉਨ੍ਹਾਂ ਦੇ ਕੰਨ ਕੋਲ ਹੋ ਕੇ ਕਹਿ ਰਹੀਆਂ ਸਨ –“ਉਹੀਉ ਹੀ ਏ ਸ਼ਾਹ ਦੀ ਕੰਜਰੀ..” ਕਹਿਣ ਵਾਲੀਆਂ ਨੇ ਭਾਵੇਂ ਬਹੁਤ ਹੌਲੀ ਕਿਹਾ ਸੀ – ਘੁਸਰ ਮੁਸਰ ਜਿਹਾ, ਪਰ ਸ਼ਾਹਣੀ ਦੇ ਕੰਨੀਂ ਵਾਜ ਪੈ ਰਹੀ ਸੀ, ਕੰਨਾ ਨਾਲ ਵੱਜ ਰਹੀ ਸੀ – ਸ਼ਾਹ ਦੀ ਕੰਜਰੀ.. ਸ਼ਾਹ ਦੀ ਕੰਜਰੀ… ਤੇ ਸ਼ਾਹਣੀ ਦੇ ਮੂੰਹ ਦਾ ਰੰਗ ਫੇਰ ਖੁਰ ਗਿਆ…

ਏਨੇ ਨੂੰ ਢੋਲਕੀ ਦੀ ਆਵਾਜ਼ ਉੱਚੀ ਹੋ ਗਈ, ਤੇ ਨਾਲ ਹੀ ਗੌਣ ਵਾਲੀ ਦੀ ਆਵਾਜ਼, “ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀ ਆਂ… ” ਤੇ ਸ਼ਾਹਣੀ ਦਾ ਕਲੇਜਾ ਥੰਮ ਜਿਹਾ ਗਿਆ – ਇਹ ਸੂਹੇ ਚੀਰੇ ਵਾਲਾ ਮੇਰਾ ਹੀ ਪੁੱਤਰ ਏ, ਸੁਖ ਨਾਲ ਅੱਜ ਘੋਡ਼ੀ ਚਡ਼੍ਹਨ ਵਾਲਾ ਮੇਰੀ ਪੁੱਤਰ…

ਫ਼ਰਮਾਇਸ਼ਾਂ ਦਾ ਅੰਤ ਨਹੀਂ ਸੀ। ਇਕ ਗੀਤ ਮੁਕਦਾ, ਦੂਜਾ ਗੀਤ ਸ਼ੁਰੂ ਹੁੰਦਾ। ਗੌਣ ਵਾਲੀ, ਕਦੇ ਔਰਤਾਂ ਵਾਲੇ ਪਾਸੇ ਦੀ ਫ਼ਰਮਾਇਸ਼ ਪੂਰੀ ਕਰਦੀ, ਕਦੇ ਮਰਦਾਂ ਵਾਲੇ ਪਾਸੇ ਦੀ। ਵਿਚ ਵਿਚ ਕਹਿ ਦੇਂਦੀ, “ਕੋਈ ਹੋਰ ਵੀ ਗਾਉ ਨਾ, ਮੈਨੂੰ ਸਾਹ ਦੁਆ ਦਿਉ”, ਪਰ ਕਿਹਦੀ ਹਿੰਮਤ ਸੀ, ਉਹਦੇ ਸਾਹਮਣੇ ਹੋਣ ਦੀ, ਉਹਦੀ ਟੱਲੀ ਵਰਗੀ ਆਵਾਜ਼, ਹੂਕ ਵਰਗੀ ਆਵਾਜ਼.. ਉਹ ਵੀ ਸ਼ਾਇਦ ਕਹਿਣ ਨੂੰ ਕਹਿ ਰਹੀ ਸੀ, ਉਂਜ ਇਕ ਪਿਛੋਂ ਝਟ ਦੂਜਾ ਕੁਝ ਹੋਰ ਛੋਹ ਦੇਂਦੀ ਸੀ।

ਗੀਤਾਂ ਦੀ ਗੱਲ ਹੋਰ ਸੀ, ਪਰ ਜਦੋਂ ਉਹਨੇ ਮਿਰਜ਼ੇ ਦੀ ਹੇਕ ਲਾਈ “ਉਠ ਨੀ ਸਾਹਿਬਾਂ ਸੁੱਤੀਏ! ਉਠ ਕੇ ਦੇਹ ਦੀਦਾਰ…” ਹਵਾ ਦਾ ਕਲੇਜਾ ਹਿੱਲ ਗਿਆ। ਕਮਰੇ ਵਿਚ ਬੈਠੇ ਹੋਏ ਮਰਦ ਬੁੱਤ ਬਣ ਗਏ। ਸ਼ਾਹਣੀ ਨੂੰ ਫੇਰ ਇਕ ਘਬਰਾਹਟ ਜਿਹੀ ਹੋਈ, ਉਹਨੇ ਨੀਝ ਲਾ ਕੇ ਸ਼ਾਹ ਦੇ ਮੂੰਹ ਵੱਲ ਤੱਕਿਆ। ਸ਼ਾਹ ਵੀ ਹੋਰਾਂ ਬੁੱਤਾਂ ਜਿਹਾ ਬੁੱਤ ਬਣਿਆ ਹੋਇਆ ਸੀ, ਪਰ ਸ਼ਾਹਣੀ ਨੂੰ ਜਾਪਿਆ – ਉਹ ਪੱਥਰ ਹੋ ਗਿਆ ਹੈ…

ਸ਼ਾਹਣੀ ਦੇ ਕਲੇਜੇ ਵਿਚ ਹੌਲ ਪਿਆ, ਤੇ ਉਹਨੂੰ ਜਾਪਿਆ ਜੇ ਹੁਣ ਦੀ ਘਡ਼ੀ ਖੁੰਝ ਗਈ, ਤਾਂ ਉਹ ਆਪ ਵੀ ਹਮੇਸ਼ਾ ਲਈ ਮਿੱਟੀ ਦਾ ਬੁੱਤ ਬਣ ਜਾਏਗੀ.. ਉਹ ਕਰੇ, ਕੁਝ ਕਰੇ, ਕੁਝ ਵੀ ਕਰੇ, ਪਰ ਮਿੱਟੀ ਦਾ ਬੁੱਤ ਨਾ ਬਣੇ..

ਚੰਗੀ ਤਰਕਾਲ ਪੈ ਗਈ, ਮਹਿਫ਼ਲ ਮੁੱਕਣ ਤੇ ਆ ਗਈ..

ਸ਼ਾਹਣੀ ਦਾ ਕਹਿਣਾ ਸੀ ਕਿ ਉਹ ਅੱਜ ਉਸੇ ਤਰ੍ਹਾਂ ਸਿਰਫ਼ ਪਤਾਸੇ ਵੰਡੇਗੀ, ਜਿਸ ਤਰ੍ਹਾਂ ਲੋਕ ਉਸ ਦਿਨ ਵੰਡਦੇ ਹਨ, ਜਿਸ ਦਿਨ ਗੌਣ ਬਿਠਾਂਦੇ ਹਨ। ਪਰ ਜਦੋਂ ਗੌਣ ਮੁੱਕੇ ਤਾਂ ਕਮਰੇ ਵਿਚ ਚਾਹ ਤੇ ਕਈ ਵੰਨਾਂ ਦੀ ਮਠਿਆਈ ਆ ਗਈ… ਤੇ ਸ਼ਾਹਣੀ ਨੇ ਮੁਠ ਵਿਚ ਵਲ੍ਹੇਟਿਆ ਹੋਇਆ ਸੌ ਦਾ ਨੋਟ ਕੱਢ ਕੇ, ਆਪਣੇ ਪੁੱਤਰ ਦੇ ਸਿਰ ਤੋਂ ਵਾਰਿਆ, ਤੇ ਫੇਰ ਉਹਨੂੰ ਫਡ਼ਾ ਦਿੱਤਾ, ਜਿਸ ਨੂੰ ਲੋਕ ਸ਼ਾਹ ਦੀ ਕੰਜਰੀ ਆਖਦੇ ਸਨ।

“ਰਹਿਣ ਦੇ ਸ਼ਾਹਣੀ! ਅੱਗੇ ਵੀ ਤੇਰਾ ਹੀ ਖਾਨੀ ਆਂ।” ਉਹਨੇ ਅੱਗੋਂ ਜਵਾਬ ਦਿੱਤਾ, ਤੇ ਹੱਸ ਪਈ। ਉਹਦਾ ਹਾਸਾ, ਉਹਦੇ ਰੂਪ ਵਾਂਗ ਝਿਲਮਿਲ ਕਰਦਾ ਪਿਆ ਸੀ।

ਸ਼ਾਹਣੀ ਦੇ ਮੂੰਹ ਦਾ ਰੰਗ ਹੌਲਾ ਪੈ ਗਿਆ। ਉਹਨੂੰ ਜਾਪਿਆ ਜਿਵੇਂ ਸ਼ਾਹ ਦੀ ਕੰਜਰੀ ਨੇ, ਅੱਜ ਭਰੀ ਸਭਾ ਵਿਚ, ਸ਼ਾਹ ਨਾਲ ਆਪਣਾ ਸਬੰਧ ਜੋਡ਼ ਕੇ ਉਹਦੀ ਹੱਤਕ ਕਰ ਦਿੱਤੀ ਹੈ। ਪਰ ਸ਼ਾਹਣੀ ਨੇ ਆਪਣਾ ਆਪ ਥੰਮ੍ਹ ਲਿਆ, ਇਕ ਜੇਰਾ ਜਿਹਾ ਕੀਤਾ ਕਿ ਅੱਜ ਉਹਨੇ ਹਾਰ ਨਹੀਂ ਖਾਣੀ। ਤੇ ਜ਼ੋਰ ਦੀ ਹੱਸ ਪਈ। ਨੋਟ ਫਡ਼ਾਂਦੀ ਆਖਣ ਲੱਗੀ,“ਸ਼ਾਹ ਕੋਲੋਂ ਤਾਂ ਤੂੰ ਨਿੱਤ ਲੈਂਦੀ ਏਂ, ਪਰ ਮੇਰੇ ਕੋਲੋਂ ਤੂੰ ਫੇਰ ਕਦੋਂ ਲੈਣਾ ਏਂ? ਚੱਲ ਅੱਜ ਲੈ ਲਾ…”

ਤੇ ਸ਼ਾਹ ਦੀ ਕੰਜਰੀ, ਸੌ ਦੇ ਉਸ ਨੂੰ ਫਡ਼ਦੀ, ਇਕੋ ਵਾਰਗੀ ਨਿਮਾਣੀ ਜਿਹੀ ਹੋ ਗਈ…

ਕਮਰੇ ਵਿਚ ਸ਼ਾਹਣੀ ਦੀ ਧੋਤੀ ਦਾ, ਸਗਣਾਂ ਵਾਲਾ ਗੁਲਾਬੀ ਰੰਗ ਫੈਲ ਗਿਆ…