ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਅਕਾਲੀ-ਭਾਜਪਾ ਮਨਾ ਰਹੀ 'ਵਿਸਾਹਘਾਤ ਦਿਵਸ'
ਕੈਪਟਨ ਸਰਕਾਰ ਦੇ ਦੋ ਸਾਲ ਪੂਰੇ ਹੋਣ ‘ਤੇ ਅਕਾਲੀ-ਭਾਜਪਾ ਮਨਾ ਰਹੀ ‘ਵਿਸਾਹਘਾਤ ਦਿਵਸ’

ਚੰਡੀਗੜ੍ਹ: ਪੰਜਾਬ ਦੀ ਕਾਂਗਰਸ ਸਰਕਾਰ ਦੇ ਦੋ ਸਾਲ ਅੱਜ ਯਾਨੀ 16 ਮਾਰਚ ਨੂੰ ਪੂਰੇ ਹੋ ਗਏ ਹਨ। ਹਾਲਾਂਕਿ, ਕੈਪਟਨ ਸਰਕਾਰ ਆਪਣੇ ਦੋ ਸਾਲਾਂ ਦੇ ਕਾਰਜਕਾਲ ਨੂੰ ਸ਼ਾਨਾਮੱਤਾ ਦੱਸਦੀ ਹੈ, ਪਰ ਵਿਰੋਧੀਆਂ ਨੂੰ ਅਜਿਹਾ ਨਹੀਂ ਜਾਪਦਾ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਅੱਜ ਵਿਸਾਹਘਾਤ ਦਿਵਸ ਮਨਾ ਰਹੀਆਂ ਹਨ।

ਇਸੇ ਕੜੀ ਤਹਿਤ ਪੂਰੇ ਪੰਜਾਬ ਵਿੱਚ ਅਕਾਲੀ-ਭਾਜਪਾ ਰੋਸ ਮੁਜ਼ਾਹਰੇ ਕਰ ਰਿਹਾ ਹੈ। ਜਲੰਧਰ ਵਿੱਚ ਸੁਖਬੀਰ ਬਾਦਲ, ਚੰਡੀਗੜ੍ਹ ਵਿੱਚ ਬਿਕਰਮ ਮਜੀਠੀਆ ਅਤੇ ਪੰਜਾਬ ਦੀਆਂ ਹੋਰ ਥਾਵਾਂ ‘ਤੇ ਅਕਾਲੀ ਦਲ ਵੱਲੋਂ ਸਰਕਾਰ ਦੀ ਪੋਲ ਖੋਲ੍ਹੀ ਗਈ। ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁਕਤਸਰ ਤੋਂ ਵਿਧਾਇਕ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਦੋ ਸਾਲ ਹੋ ਗਏ ਕੈਪਟਨ ਸਰਕਾਰ ਨੂੰ ਪਰ ਅਜੇ ਤਕ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਪੂਰੀ ਨਹੀਂ ਉੱਤਰੀ। ਵਿਧਾਇਕ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਸਭ ਤੋਂ ਵੱਡਾ ਵਿਸਾਹਘਾਤ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਨਾਮ ‘ਤੇ ਕੀਤਾ ਹੈ, ਇਸ ਤੋਂ ਇਲਾਵਾ ਬੇਰੁਜ਼ਗਾਰੀ ਭੱਤਾ, ਸਮਾਰਟ ਫੋਨਾਂ ਦਾ ਵਾਅਦਾ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।