ਨਿਊਜ਼ੀਲੈਂਡ ਦੁਖਾਂਤ: ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਦੋ ਭਾਰਤੀ ਨੌਜਵਾਨਾਂ ਦੀ ਮੌਤ
ਨਿਊਜ਼ੀਲੈਂਡ ਦੁਖਾਂਤ: ਗੋਲ਼ੀਬਾਰੀ ’ਚ ਜ਼ਖ਼ਮੀ ਹੋਏ ਦੋ ਭਾਰਤੀ ਨੌਜਵਾਨਾਂ ਦੀ ਮੌਤ

ਕ੍ਰਾਈਸਟਚਰਚ/ਅਹਿਮਦਾਬਾਦ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੱਖਣੀ ਦੀਪ ਵਿੱਚ ਮੌਜੂਦ ‘ਅਲ ਨੂਰ’ ਤੇ ‘ਲਿਨਵੁਡ’ ਮਸਜਿਦਾਂ ਵਿੱਚ ਗੋਲ਼ੀਬਾਰੀ ਦੀ ਘਟਨਾ ਦੌਰਾਨ 49 ਲੋਕ ਮਾਰੇ ਗਏ ਤੇ ਕਈ ਜਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਹੈਦਰਾਬਾਦ ਦਾ ਫਰਹਾਜ਼ ਅਹਿਸਾਨ ਤੇ ਭਰੂਚ ਦਾ ਮੂਸਾ ਵਲੀ ਸੁਲੇਮਾਨ ਨਾਂ ਦੇ ਦੋ ਭਾਰਤੀ ਨੌਜਵਾਨ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਹੈ। ਦੋਵਾਂ ਦੇ ਪਰਿਵਾਰਿਕ ਮੈਂਬਰਾਂ ਨੇ ਖ਼ਬਰ ਏਜੰਸੀ ਏਐਨਆਈ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਫਰਹਾਜ਼ ਤੇ ਮੂਸਾ ਵਲੀ ਦਾ ਨਿਊਜ਼ੀਲੈਂਡ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਮੂਸਾ ਵਲੀ ਦੇ ਭਰਾ ਹਾਜੀ ਅਲੀ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਸੀ। ਫਾਇਰਿੰਗ ਦੀ ਘਟਨਾ ਵਿੱਚ 49 ਮੌਤਾਂ ਤੋਂ ਇਲਾਵਾ ਕਰੀਬ 50 ਜਣੇ ਜ਼ਖ਼ਮੀ ਹੋਏ ਸਨ। ਭਾਰਤੀ ਮੂਲ ਦੇ 9 ਜਣਿਆਂ ਦੇ ਲਾਪਤਾ ਹੋਣ ਦੀ ਖ਼ਬਰ ਹੈ।ਹਾਜੀ ਅਲੀ ਨੇ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਨਾਲ ਮਸਜਿਦ ਗਿਆ ਸੀ। ਮੂਸਾ ਵਲੀ ਦੀ ਪਿੱਠ ਵਿੱਚ ਗੋਲ਼ੀ ਲੱਗੀ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਦੀ ਪਤਨੀ ਬਾਅਦ ਵਿੱਚ ਹਸਪਤਾਲ ਗਈ ਸੀ ਪਰ ਉਸ ਨੂੰ ਮੂਸਾ ਵਲੀ ਨਾਲ ਮਿਲਣ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਦਾ ਆਪਸ ਵਿੱਚ ਸੰਪਰਕ ਵੀ ਨਹੀਂ ਹੋ ਪਾ ਰਿਹਾ ਸੀ। ਉੱਧਰ 49 ਜਣਿਆਂ ਦੇ ਕਾਤਲ 28 ਸਾਲਾ ਆਸਟ੍ਰੇਲੀਆਈ ਨਾਗਰਿਕ ਬ੍ਰੈਂਟਨ ਹੈਰਿਸਨ ਟੈਰੰਟ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਆਕਲੈਂਡ ਦੀ ਗੁਰੂ ਨਾਨਕ ਫਰੀ ਕਿਚਨ ਨਾਂਅ ਦੀ ਜਥੇਬੰਦੀ ਦੇ ਸਿੱਖ ਭਾਈ ਹਮਲੇ ਵਿੱਚ ਮ੍ਰਿਤਕ ਦੇਹਾਂ ਨੂੰ ਵਾਰਸਾਂ ਤਕ ਪਹੁੰਚਾਉਣ ਤੋਂ ਲੈਕੇ ਪੀੜਤ ਪਰਿਵਾਰਾਂ ਲਈ ਲੰਗਰ ਦੀ ਸੁਵਿਧਾ ਮੁਹੱਈਆ ਕਰਵਾ ਰਹੇ ਹਨ। ਗੁਰੂ ਨਾਨਕ ਫਰੀ ਕਿਚਨ ਇੱਕ ਐਨਜੀਓ ਹੈ ਜੋ ਵੱਖ-ਵੱਖ ਮਨੁੱਖੀ ਸੇਵਾਵਾਂ ਲਈ ਕੰਮ ਕਰਦਾ ਹੈ।ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵਾਰਸਾਂ ਤਕ ਪਹੁੰਚਾਉਣ, ਮ੍ਰਿਤਕ ਦੇਹਾਂ ਨੂੰ ਕਬਰ ਵਿੱਚ ਦਫਨਾਉਣ, ਇਸ ਦੌਰਾਨ ਲੰਗਰ ਲਾਉਣ ਤੇ ਹੋਰ ਕੰਮ-ਕਾਜ ਵਿੱਚ ਉਨ੍ਹਾਂ ਦਾ ਹੱਥ ਵੰਡਾਉਣ ਦੀ ਵੀ ਅਪੀਲ ਕੀਤੀ ਹੈ।