ਨਿਊਜ਼ੀਲੈਂਡ: ਮਸਜਿਦਾਂ 'ਚ ਗੋਲ਼ੀਬਾਰੀ ਮਗਰੋਂ 9 ਭਾਰਤੀ ਲਾਪਤਾ, ਹੁਣ ਤਕ 49 ਦੀ ਮੌਤ
ਨਿਊਜ਼ੀਲੈਂਡ: ਮਸਜਿਦਾਂ ‘ਚ ਗੋਲ਼ੀਬਾਰੀ ਮਗਰੋਂ 9 ਭਾਰਤੀ ਲਾਪਤਾ, ਹੁਣ ਤਕ 49 ਦੀ ਮੌਤ

ਕ੍ਰਾਇਸਟਚਰਚ: ਇੱਥੋਂ ਦੀਆਂ ਦੋ ਮਸਜਿਦਾਂ ‘ਤੇ ਇੱਕ ਸਨਕੀ ਵਿਅਕਤੀ ਵੱਲੋਂ ਕੀਤੀ ਗੋਲ਼ੀਬਾਰੀ ਵਿੱਚ ਮੌਤਾਂ ਦੀ ਗਿਣਤੀ 49 ਤਕ ਪਹੁੰਚ ਗਈ ਹੈ। ਹਮਲੇ ਤੋਂ ਬਾਅਦ ਭਾਰਤੀ ਮੂਲ ਦੇ ਨੌਂ ਵਿਅਕਤੀ ਗ਼ਾਇਬ ਹਨ। ਮਾਮਲਿਆਂ ਵਿੱਚ ਆਸਟ੍ਰੇਲੀਆਈ ਮੂਲ ਦੇ ਹਮਲਾਵਰ ਬ੍ਰੈਂਟਨ ਟੈਰੰਟ ਸਮੇਤ ਕੁੱਲ ਤਿੰਨ ਵਿਅਕਤੀਆਂ ਨੂੰ ਨਿਊਜ਼ੀਲੈਂਡ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।

ਨਿਊਜ਼ੀਲੈਂਡ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੋਹਲੀ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਭਾਰਤੀ ਨਾਗਰਿਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਮਾਮਲਾ ਸੰਵੇਦਨਸ਼ੀਲ ਹੈ ਅਤੇ ਅਸੀਂ ਉਦੋਂ ਤਕ ਇਸ ਦੀ ਜਾਣਕਾਰੀ ਨਹੀਂ ਦੇ ਸਕਦੇ ਜਦ ਤਕ ਪੂਰੀ ਤਰ੍ਹਾਂ ਨਾਲ ਪੁਸ਼ਟੀ ਨਹੀਂ ਹੋ ਜਾਂਦੀ।

ਉੱਧਰ, ਏਆਈਐਮਆਈਐਮ ਨੇਤਾ ਅਸਦੁਦੀਨ ਓਵੈਸੀ ਨੇ ਦਾਅਵਾ ਕੀਤਾ ਹੈ ਕਿ ਅਹਿਮਦ ਜਹਾਂਗੀਰ ਨਾਂਅ ਦਾ ਇੱਕ ਭਾਰਤੀ ਵੀ ਇਸ ਹਮਲੇ ਵਿੱਚ ਜ਼ਖ਼ਮੀ ਹੋਇਆ ਹੈ। ਦਰਦਨਾਕ ਦਹਿਸ਼ਤੀ ਦੁਰਘਟਨਾ ਦੀ ਪੂਰੀ ਵਿਸ਼ਵ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ।

ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ ‘ਤੇ ਹੋਏ ਹਮਲੇ ਵਿੱਚ ਕੋਈ ਵੀ ਭਾਰਤੀ ਨਾਗਰਿਕ ਮਦਦ ਲਈ ਮਿਸ਼ਨ ਨਾਲ ਸੰਪਰਕ ਕਰ ਸਕਦਾ ਹੈ। ਇਸ ਸਬੰਧੀ ਦੋ ਹੈਲਪਲਾਈਨ ਨੰਬਰ 021803899 ਅਤੇ 021850033 ਵੀ ਜਾਰੀ ਕੀਤੇ ਗਏ ਹਨ। ਨਿਊਜ਼ੀਲੈਂਡ ਵਿੱਚ ਤਕਰੀਬਨ ਦੋ ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਵੀ ਹਨ। ਭਾਰਤੀ ਹਾਈ ਕਮਿਸ਼ਨ ਮੁਤਾਬਕ ਇਨ੍ਹਾਂ ਵਿੱਚੋਂ 30,000 ਭਾਰਤੀ ਵਿਦਿਆਰਥੀ ਹਨ।