ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਸ਼ਾਂਤ, 2 ਅਪਰੈਲ ਨੂੰ ਮੁੜ ਮਿਲਣ ਦਾ ਵਾਅਦਾ
ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ਸ਼ਾਂਤ, 2 ਅਪਰੈਲ ਨੂੰ ਮੁੜ ਮਿਲਣ ਦਾ ਵਾਅਦਾ

ਅੰਮ੍ਰਿਤਸਰ: ਸ੍ਰੀ ਕਰਤਾਰਪੁਰ ਸਾਹਿਬ ਗਲਿਆਰੇ ਬਾਰੇ ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲੀ ਦੁਵੱਲੀ ਬੈਠਕ ਸੰਪੂਰਨ ਹੋ ਗਈ ਹੈ। ਬੈਠਕ ਮਗਰੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਗਿਆ ਕਿ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀਪੂਰਨ ਮਾਹੌਲ ਵਿੱਚ ਮੀਟਿੰਗ ਹੋਈ। ਇਸ ਮਗਰੋਂ ਦੋਵੇਂ ਦੇਸ਼ ਕਰਤਾਰਪੁਰ ਸਾਹਿਬ ਗਲਿਆਰੇ ‘ਤੇ ਅੱਗੇ ਵਧ ਸਕਦੇ ਹਨ।

ਮੀਟਿੰਗ ਵਿੱਚ ਵੱਖ-ਵੱਖ ਤਕਨੀਕੀ ਪੱਖਾਂ ‘ਤੇ ਵੀ ਵਿਚਾਰ ਵਟਾਂਦਰੇ ਹੋਏ ਤੇ ਗਲਿਆਰੇ ਦੇ ਵੇਰਵਿਆਂ ਬਾਰੇ ਵੀ ਗੱਲਬਾਤ ਹੋਈ। ਭਾਰਤੀ ਵਫ਼ਦ ਦੀ ਅਗਵਾਈ ਗ੍ਰਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਐਸਸੀਐਲ ਦਾਸ ਵੱਲੋਂ ਕੀਤੀ ਗਈ ਤੇ ਪਾਕਿਸਤਾਨ ਵਾਲੇ ਪਾਸਿਓਂ ਡਾ. ਮੁਹੰਮਦ ਫੈਜ਼ਲ (ਸਾਰਕ ਅਧਿਕਾਰੀ) ਪਹੁੰਚੇ ਹੋਏ ਸਨ। ਦੋਵਾਂ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਇਕੱਠਿਆਂ ਤੇ ਤੇਜ਼ੀ ਨਾਲ ਕੰਮ ਕਰਨ ‘ਤੇ ਸਹਿਮਤੀ ਜਤਾਈ।

ਹੁਣ ਆਉਂਦੀ 19 ਮਾਰਚ ਨੂੰ ਦੋਵੇਂ ਦੇਸ਼ ਸਰਹੱਦ ‘ਤੇ ਗਲਿਆਰੇ ਦੇ ਮੇਲ ਬਿੰਦੂ ਤੈਅ ਕਰਨਗੇ। ਉਦੋਂ ਦੋਵੇਂ ਦੇਸ਼ਾਂ ਦੇ ਤਕਨੀਕੀ ਮਾਹਰ ਹੀ ਸ਼ਾਮਲ ਹੋਣਗੇ। ਇਸ ਉਪਰੰਤ ਦੋ ਅਪਰੈਲ 2019 ਨੂੰ ਪਾਕਿਸਤਾਨ ਦੇ ਵਾਹਗਾ ਵਿੱਚ ਵੀ ਬੈਠਕ ਹੋਵੇਗੀ।