28 ਲੱਖ ਇਕੱਠੇ ਕਰਕੇ ਬਣਾਈ ਫਿਲਮ, ਜਿੱਤਿਆ ਆਸਕਰ ਐਵਾਰਡ
28 ਲੱਖ ਇਕੱਠੇ ਕਰਕੇ ਬਣਾਈ ਫਿਲਮ, ਜਿੱਤਿਆ ਆਸਕਰ ਐਵਾਰਡ

ਭਾਰਤੀ ਪਿੱਠਭੂਮੀ ’ਤੇ ਆਧਾਰਤ ਫਿਲਮ ‘ਪੀਰੀਅਡ. ਐਂਡ ਆਫ ਸੈਨਟੈਂਸ’ ਨੇ ਸ਼ਾਰਟ ਡਾਕੂਮੈਂਟਰੀ ਸ਼੍ਰੇਣੀ ਵਿੱਚ ‘ਬਲੈਕ ਸ਼ੀਪ’, ‘ਐਂਡ ਗੇਮਜ਼’, ‘ਲਾਈਫਬੋਟ’ ਤੇ ‘ਏ ਨਾਈਟ ਐਟ ਦ ਗਾਰਡਨ’ ਵਰਗੀਆਂ ਫਿਲਮਾਂ ਨੂੰ ਮਾਤ ਦੇ ਕੇ ਆਸਕਰ ਐਵਾਰਡ ਜਿੱਤ ਲਿਆ ਹੈ। ਇਸ ਫਿਲਮ ਨੂੰ ਭਾਰਤੀ ਪ੍ਰੋਡਿਊਸਰ ਗੁਨੀਤ ਮੋਂਗਾ ਨੇ ਪ੍ਰੋਡਿਊਸ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਇਸ ਡਾਕੂਮੈਂਟਰੀ ਨੂੰ ਬਣਾਉਣ ਲਈ ਇੱਕ ਮੁਹਿੰਮ ਜ਼ਰੀਏ 28 ਲੱਖ ਰੁਪਏ ਦਾ ਫੰਡ ਇਕੱਠਾ ਕੀਤਾ ਗਿਆ ਸੀ।

ਇਸ ਡਾਕੂਮੈਂਟਰੀ ਦੀ ਕਹਾਣੀ ਦਿੱਲੀ ਨੇੜੇ ਪਿੰਡ ਹਾਪੁੜ ਵਿੱਚ ਰਹਿਣ ਵਾਲੀਆਂ ਮਹਿਲਾਵਾਂ ’ਤੇ ਆਧਾਰਤ ਹੈ ਜਿਨ੍ਹਾਂ ਮਾਹਵਾਰੀ ਨਾਲ ਸਬੰਧਤ ਰੂੜੀਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਪਿੱਛੇ ਲਾਸ ਏਂਜਲਸ ਦੇ ਆਕਵੁਡ ਸਕੂਲ ਦੀਆਂ 12 ਤੋਂ 14 ਸਾਲ ਦੀ ਉਮਰ ਦੀਆਂ ਲੜਕੀਆਂ ਨੂੰ ਇਸ ਦੇ ਪਿੱਛੇ ਵਿਚਾਰ ਆਇਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਈ ਥਾਈਂ ਕੁੜੀਆਂ ਨੂੰ ਸਿਰਫ ਆਪਣੀ ਪੜ੍ਹਾਈ ਇਸ ਲਈ ਛੱਡਣੀ ਪੈਂਦੀ ਹੈ ਕਿਉਂਕਿ ਉਹ ਮਾਹਵਾਰੀ ਦੌਰਾਨ ਪੈਡ ਨਹੀਂ ਖਰੀਦ ਸਕਦੀਆਂ।

ਇਨ੍ਹਾਂ ਲੜਕੀਆਂ ਨੇ ਇਸ ਸਮੱਸਿਆ ਲਈ ਕੁਝ ਕਰਨ ਦੀ ਠਾਣ ਲਈ। ਬੇਕ ਸੇਲ ਅਤੇ ਯੋਗਾਥਾਨ ਵਰਗੀਆਂ ਗਤੀਵਿਧੀਆਂ ਜ਼ਰੀਏ ਇਨ੍ਹਾਂ ਬੱਚੀਆਂ ਨੇ ਕਰੀਬ 3 ਹਜ਼ਾਰ ਡਾਲਰ (ਕਰੀਬ 2 ਲੱਖ ਰੁਪਏ) ਇਕੱਠੇ ਕੀਤੇ ਜਿਸ ਨਾਲ ਉਨ੍ਹਾਂ ਬਾਇਓਡਿਗਰੇਡੇਬਲ ਸੈਨੇਟਰੀ ਨੈਪਕਿਨ ਤਿਆਰ ਕਰਨ ਵਾਲੀ ਮਸ਼ੀਨ ਖਰੀਦੀ।

ਇਸ ਕੰਮ ਵਿੱਚ ਉਨ੍ਹਾਂ ਆਪਣੀ ਅੰਗ੍ਰੇਜ਼ੀ ਵਾਲੀ ਮੈਡਮ ਮੈਸਿਲਾ ਬਰਟੋਨ ਦੀ ਮਦਦ ਲਈ। ਮੈਸਿਲਾ ਨੇ ਅੱਗੇ ਗਰਲਜ਼ ਲਰਨ ਇੰਟਰਨੈਸ਼ਨਲ (GLI) ਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਤਾਂ ਕਿ ਉਹ ਅਜਿਹਾ ਪਿੰਡ ਲੱਭਣ ਜਿੱਥੇ ਇਸ ਮਸ਼ੀਨ ਨੂੰ ਜ਼ਰੂਰਤਮੰਦਾਂ ਲਈ ਦਿੱਤਾ ਜਾ ਸਕੇ।ਇਸ ਪਿੱਛੋਂ GLI ਨੇ ‘ਐਕਸ਼ਨ ਇੰਡੀਆ’ ਨਾਲ ਸੰਪਰਕ ਕੀਤਾ ਜੋ ਦਿੱਲੀ ਨੇੜੇ ਪਿੰਡ ਹਾਪੁੜ ਵਿੱਚ ਕੰਮ ਕਰ ਰਹੀ ਸੀ। ਉਨ੍ਹਾਂ ਇਸ ਪਿੰਡ ਵਿੱਚ ਸੈਨੇਟਰੀ ਨੈਪਕਿਨ ਬਣਾਉਣ ਵਾਲੀ ਮਸ਼ੀਨ ਪਹੁੰਚਾਈ। ਜਲਦ ਹੀ ਇਕ ਮੁਹਿੰਮ ਸ਼ੁਰੂ ਹੋਈ ਜਿਸ ਤੋਂ ਹਾਪੁੜ ਦੀਆਂ ਮਹਿਲਾਵਾਂ ਵਿੱਚ ਪੈਡ ਬਣਾਉਣ ਵਾਲੀ ਮਸ਼ੀਨ ਆਉਣ ਤੋਂ ਬਾਅਦ ਆਏ ਬਦਲਾਅ ਸਬੰਧੀ ਫਿਲਮ ਬਣਾਉਣ ਲਈ 40 ਹਜ਼ਾਰ ਡਾਲਰ, ਕਰੀਬ 28 ਲੱਖ ਰੁਪਏ ਇਕੱਠੇ ਕੀਤੇ ਗਏ।