ਕਿਸਾਨਾਂ ਵੱਲੋਂ ਕੈਪਟਨ ਨੂੰ ਆਵਾਰਾ ਪਸ਼ੂ ਤੇ ਕੁੱਤੇ ਭੇਟ ਕਰਨ ਦਾ ਐਲਾਨ
ਕਿਸਾਨਾਂ ਵੱਲੋਂ ਕੈਪਟਨ ਨੂੰ ਆਵਾਰਾ ਪਸ਼ੂ ਤੇ ਕੁੱਤੇ ਭੇਟ ਕਰਨ ਦਾ ਐਲਾਨ

ਚੰਡੀਗੜ੍ਹ: ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਵਾਰਾ ਪਸ਼ੂ ਤੇ ਕੁੱਤੇ ਭੇਟ ਕੀਤੇ ਜਾਣਗੇ। ਕਿਸਾਨ 7 ਮਾਰਚ ਨੂੰ ਵੱਡੀ ਗਿਣਤੀ ਵਿੱਚ ਪਸ਼ੂ ਤੇ ਕੁੱਤੇ ਲੈ ਕੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੂੰ ਸੌਂਪਣਗੇ। ਕਿਸਾਨਾਂ ਨੇ ਇਹ ਫੈਸਲਾ ਆਵਾਰਾ ਪਸ਼ੂਆਂ ਤੇ ਕੁੱਤਿਆਂ ਤੋਂ ਫ਼ਸਲਾਂ ਦੇ ਉਜਾੜੇ ਤੇ ਮਨੁੱਖੀ ਜਾਨਾਂ ਜਾਣ ਦੇ ਰੋਸ ਵਜੋਂ ਲਿਆ ਹੈ।ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ, ਬੁਲਾਰੇ ਯੁਧਵੀਰ ਸਿੰਘ, ਹਰਿਆਣਾ ਦੇ ਪ੍ਰਧਾਨ ਰਤਨ ਮਾਨ ਨੇ ਕਿਹਾ ਪੰਜਾਬ ਵਿੱਚ ਆਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਵੱਡੀ ਸਮੱਸਿਆ ਹੈ। ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਗਊ ਸੈੱਸ ਵਸੂਲਿਆ ਜਾ ਰਿਹਾ ਹੈ ਪਰ ਆਵਾਰਾ ਜਾਨਵਾਰਾਂ ਦਾ ਕੋਈ ਬੰਦੋਬਸਤ ਨਹੀਂ ਕੀਤਾ ਜਾ ਰਿਹਾ।

ਉਨ੍ਹਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਵੀ ਆਵਾਰਾ ਪਸ਼ੂ ਤੇ ਕੁੱਤੇ ਡਿਪਟੀ ਕਮਿਸ਼ਨਰ ਤੇ ਐਸਡੀਐਮ ਦੇ ਦਫ਼ਤਰਾਂ ਵਿੱਚ ਛੱਡੇ ਸਨ। ਇਸ ਦੇ ਬਾਵਜੂਦ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਣ 7 ਮਾਰਚ ਨੂੰ ਹਜ਼ਾਰਾਂ ਜਾਨਵਰ ਮੁੱਖ ਮੰਤਰੀ ਦੇ ਸਪੁਰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਾਊਆਂ ਦੀ ਵਿਕਰੀ ‘ਤੇ ਪਾਬੰਦੀ ਕਰਕੇ ਆਵਾਰਾ ਪਸ਼ੂ ਖੇਤੀ ਦਾ ਉਜਾੜਾ ਕਰ ਰਹੇ ਹਨ।