ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।

ਹਾਲ ਕਮਰੇ ਦੇ ਉੱਚੇ ਥੜ੍ਹੇ ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ ।

ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ।

 ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ?  ਵੱਡੀ ਆਖਦੀ ਹੈ ।

 ਜੀ ……..ਈ ਮਾਈ ਬਾਪ , ਹਾਂ ….ਹਾਂ ਮਾਈ ਬਾਪ । 

 ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ । 

 ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? “ ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ ।

ਪਿਛਲੀ ਕੰਧ ਨੇ ਹੱਥਾਂ ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ ,ਬੋਲੀ ਕੁਝ ਨਹੀਂ । ਸੱਜੇ –ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ ।

ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ । …..ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ ।

ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ਤੇ ਧਰੇ ਹਥਿਆਰਾਂ ਦੇ ਬੱਟ ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ ।

 ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ?  ਵੱਡੀ ਕੁਰਸੀ ਦੇ ਚਿਹਰੇ ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ ।

ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ ।

ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ ।

 ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ ।

ਛੱਤ, ਹੱਸ ਛੱਡਦੀ ਹੈ ।

ਵੱਡੀ ਕੁਰਸੀ ਦੇ ਚਿਹਰੇ ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ ।

ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ –ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ ।

ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ……..ਦੇਖਦਾ ਰਹਿੰਦਾ ਹੈ ।

ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ ।

ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ……..ਟਿਕੀ ਰਹਿੰਦੀ ਹੈ ।

 ਇਹ ਕੀ ਬਕਵਾਸ ਹੈ ?  ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ ।

ਫ਼ਰਸ਼ ਤੇ ਕੋਈ ਅਸਰ ਨਹੀਂ ਹੁੰਦਾ ।

ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ਵਾਹਿਯਾਤ  ਫ਼ਰਸ਼ ਨੂੰ ਤਹਿਸ –ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।

ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ……..ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ ।

ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ਤੇ ਡਿੱਗਦਾ ਹੈ ।

ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ । 

 ਨਹੀਂ ……….ਮਾਈ-ਬਾਪ , ਸਾਡੀ ਰਾਏ………।

 ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ । 

ਸਾਡੀ ਗੱਲ ਤਾਂ ਸੁਣ ਲਈ ਜਾਏ ,  ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ ।

 ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ । 

 ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ ………। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ……..,

ਸ਼ਬਦ ਡਿਕਟੇਟਰ  ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ ।

ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।

ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ਤੇ ਵਿਛਾ ਦਿੱਤਾ ਹੈ ।

ਵੱਡੀ ਕੁਰਸੀ ਨੇ ਫ਼ਸਾਦ ਦੀ ਜੜ੍ਹ  ਫ਼ਰਸ਼ ਨੂੰ ਬੰਦੇ ਦਾ ਪੁੱਤ  ਬਣਾਉਣ ਦਾ ਹੁਕਮ ਦਿੱਤਾ ਹੈ ।

ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ ।

ਜ਼ਖਮੀ ਹੋਏ  ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।

ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ ।

ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ਫਾਇਰ-ਦੀ-ਪੁਜ਼ੀਸਨ  ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ………ਕਿ………ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ ।

ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ …..ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ ।

ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ਐਕਸ਼ਨ  ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ ।

ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।

ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ….ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ ………ਹੱਸਣ ਵਿੱਚ ਸਫ਼ਲ ਹੁੰਦਾ ਹੈ ……..ਹੱਸਦਾ ਰਹਿੰਦਾ ਹੈ …….ਅਤੇ ਹੱਸਦਾ ……….ਹੀ……….ਰਹਿੰਦਾ ……..ਹੈ ।……….

ਪਰਦਾ ।