ਕੈਪਟਨ ਸਰਕਾਰ ਤੋਂ ਹੱਕ ਮੰਗਦਿਆਂ-ਮੰਗਦਿਆਂ ਹੋਮ ਗਾਰਡ ਮੁਲਾਜ਼ਮ ਨੇ ਤੋੜਿਆ ਦਮ
ਕੈਪਟਨ ਸਰਕਾਰ ਤੋਂ ਹੱਕ ਮੰਗਦਿਆਂ-ਮੰਗਦਿਆਂ ਹੋਮ ਗਾਰਡ ਮੁਲਾਜ਼ਮ ਨੇ ਤੋੜਿਆ ਦਮ

ਚੰਡੀਗੜ੍ਹ: ਰੂਪਨਗਰ-ਚੰਡੀਗੜ੍ਹ ਮਾਰਗ ’ਤੇ ਬਹਿਰਾਮਪੁਰ ਜ਼ਿਮੀਦਾਰੀ ਦੇ ਟੋਲ ਪਲਾਜ਼ਾ ਨੇੜੇ ਧਰਨਾ ਦੇ ਰਹੇ ਹੋਮ ਗਾਰਡ ਮੁਲਾਜ਼ਮ ਦੀ ਮੌਤ ਹੋ ਗਈ। ਹੋਮ ਗਾਰਡ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਹੋਮ ਗਾਰਡ ਜਵਾਨ ਸਰਕਾਰ ਵਿਰੁੱਧ 10 ਜੁਲਾਈ, 2018 ਤੋਂ ਆਪਣੀਆਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਧਰਨਾ ਦੇ ਰਹੇ ਹਨ। ਧਰਨੇ ਦੇ 216ਵੇਂ ਦਿਨ ਐਸੋਸੀਏਸ਼ਨ ਦੇ ਮੈਂਬਰ ਅਗਲੀ ਰਣਨੀਤੀ ਉਲੀਕ ਰਹੇ ਸੀ ਕਿ ਇਸੇ ਦੌਰਾਨ ਉਨ੍ਹਾਂ ਦੇ ਸਾਥੀ ਸ਼ੇਰ ਸਿੰਘ (68) ਵਾਸੀ ਪਿੰਡ ਮੋਹੰਮਦ ਪੀਰਾਂ (ਫਾਜ਼ਿਲਕਾ) ਦੀ ਮੌਤ ਹੋ ਗਈ।

ਪਹਿਲਾਂ ਸ਼ੇਰ ਸਿੰਘ ਨੂੰ ਛਾਤੀ ਵਿੱਚ ਦਰਦ ਉੱਠੀ ਜਿਸ ਪਿੱਛੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸ਼ੇਰ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਪ ਦਿੱਤੀ ਗਈ ਹੈ।

ਐਸੋਸੀਏਸ਼ਨ ਨੇ ਸਰਕਾਰ ਸਮੇਤ ਹੋਮ ਗਾਰਡ ਦੇ ਉੱਚ ਅਧਿਕਾਰੀਆਂ ਨੂੰ ਸ਼ੇਰ ਸਿੰਘ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਐਸੋਸੀਏਸ਼ਨ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਬਰਡਰ ਵਿੰਗ ਹੋਮ ਗਾਰਡ ਵੀ ਫੌਜ ਤੇ ਬੀਐਸਐਫ ਵਾਂਗ ਡਿਊਟੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਧਰਨਾ ਦੇ ਰਹੇ ਸਨ ਪਰ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ। ਧਰਨਾ ਦੇ ਰਹੇ ਮੁਲਾਜ਼ਮ ਰੈਗੁਲਰ ਸਟਾਫ ਵਾਂਗ ਸਹੂਲਤਾਂ ਦੇਣ ਤੇ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਹਨ।