ਦੋ ਦਿਨ ਪਏ ਮੀਂਹ ਨੇ ਝੰਬੇ ਕਿਸਾਨ, ਗਿਰਦਾਵਰੀ ਦੇ ਹੁਕਮ
ਦੋ ਦਿਨ ਪਏ ਮੀਂਹ ਨੇ ਝੰਬੇ ਕਿਸਾਨ, ਗਿਰਦਾਵਰੀ ਦੇ ਹੁਕਮ

ਲੁਧਿਆਣਾ: ਪਿਛਲੇ ਦੋ ਦਿਨ ਲਗਾਤਾਰ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨ ਫਿਕਰਾਂ ਵਿੱਚ ਧੱਕ ਦਿੱਤੇ ਹਨ। ਪੰਜਾਬ ਵਿੱਚ ਸਰਦੀਆਂ ਦੇ ਮੌਸਮ ਦੌਰਾਨ ਪੈਣ ਵਾਲੇ ਮੀਂਹ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਜਿੱਥੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ 102 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਉੱਥੇ ਲੁਧਿਆਣਾ ਵਿੱਚ 68.4 ਐਮਐਮ ਬਾਰਸ਼ ਦਰਜ ਕੀਤੀ ਗਈ। ਮੀਂਹ ਦੇ ਨਾਲ ਪਏ ਗੜ੍ਹਿਆਂ ਨੇ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।

ਇੰਨੇ ਮੀਂਹ ਨੇ ਖੇਤਾਂ ਵਿੱਚ ਗੋਡੇ-ਗੋਡੇ ਪਾਣੀ ਖੜ੍ਹਾ ਕਰ ਦਿੱਤਾ ਹੈ। ਕਿਸਾਨ ਸਰਬਜੀਤ ਸਿੰਘ ਨੇ ਭਰੇ ਮਨ ਨਾਲ ਆਪਣੇ ਖੇਤ ਦਿਖਾਉਂਦੇ ਕਿਹਾ ਕਿ ਗੜ੍ਹੇਮਾਰੀ ਨੇ ਕਣਕ ਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਸਰਬਜੀਤ ਸਿੰਘ ਨੇ ਆਪਣੀ ਫ਼ਸਲ ਦੇ ਖਰਾਬੇ ਦੇ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਸੇ ਤਰ੍ਹਾਂ ਹੀ ਭੱਠਾ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਨੂੰ ਕੁਦਰਤ ਦੀ ਮਾਰ ਝੱਲਣੀ ਪਈ। ਦਰਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਨਿੱਸਰ ਰਹੀ ਕਣਕ ਨੂੰ ਭਾਰੀ ਮੀਂਹ ਤੇ ਗੜ੍ਹੇਮਾਰੀ ਨੇ ਤਬਾਹ ਕਰ ਦਿੱਤਾ ਹੈ। ਉੱਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਤਾਜ਼ਾ ਮੀਂਹ ਤੇ ਗੜ੍ਹੇਮਾਰੀ ਕਾਰਨ ਹੋਏ ਫ਼ਸਲਾਂ ਦੇ ਖਰਾਬੇ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਹਨ।