ਕਾਂਗਰਸ ਨੇ ਘੜੀ ਲੋਕ ਸਭਾ ਚੋਣਾਂ ਲਈ ਰਣਨੀਤੀ, ਸਾਰੇ ਧੜਿਆਂ ਦੀ 100 ਮੈਂਬਰੀ ਟੀਮ 'ਤੇ ਟੇਕ
ਕਾਂਗਰਸ ਨੇ ਘੜੀ ਲੋਕ ਸਭਾ ਚੋਣਾਂ ਲਈ ਰਣਨੀਤੀ, ਸਾਰੇ ਧੜਿਆਂ ਦੀ 100 ਮੈਂਬਰੀ ਟੀਮ ‘ਤੇ ਟੇਕ

ਚੰਡੀਗੜ੍ਹ: ਲੋਕ ਸਭਾ ਚੋਣਾਂ ਕਾਂਗਰਸ ਲਈ ਵੱਕਾਰ ਦਾ ਸਵਾਲ ਹਨ। ਪਾਰਟੀ ਸੁਪਰੀਮੋ ਰਾਹੁਲ ਗਾਂਧੀ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਣ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਇਸ ਲਈ ਉਹ ਪੰਜਾਬ ਵੱਲ ਖਾਸ ਧਿਆਨ ਦੇ ਰਹੇ ਹਨ। ਇਸ ਵੇਲੇ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸੰਕਟ ਦਾ ਸ਼ਿਕਾਰ ਹਨ ਪਰ ਆਪਸੀ ਧੜੇਬੰਦੀ ਕਾਂਗਰਸ ਲਈ ਵੀ ਸਿਰਦਰਦੀ ਬਣ ਸਕਦੀ ਹੈ।

ਇਸ ਲਈ ਰਾਹੁਲ ਗਾਂਧੀ ਨੇ ਸਭ ਲੀਡਰਾਂ ਨੂੰ ਨਾਲ ਲੈ ਕੇ ਚੱਲ਼ਣ ਦੀ ਰਣਨੀਤੀ ਘੜੀ ਹੈ। ਮੰਗਲਵਾਰ ਨੂੰ ਐਲਾਨੀਆਂ ਕਮੇਟੀਆਂ ਵਿੱਚ ਸਾਰੇ ਧੜਿਆਂ ਨੂੰ ਅਹਿਮੀਅਤ ਦਿੱਤੀ ਗਈ ਹੈ। ਕਾਂਗਰਸ ਹਾਈਕਮਾਂਡ ਵੱਲੋਂ ਪੰਜਾਬ ਦੀਆਂ ਪੰਜ ਕਮੇਟੀਆਂ ਕਾਇਮ ਕੀਤੀਆਂ ਹਨ। ਇਹ ਕਮੇਟੀਆਂ ਆਗਾਮੀ ਲੋਕ ਸਭਾ ਚੋਣਾਂ ਦੀ ਕਮਾਨ ਸੰਭਾਲਣਗੀਆਂ। ਪੰਜ ਕਮੇਟੀਆਂ ਦੇ ਪੰਜ ਵੱਖ-ਵੱਖ ਮੁਖੀ ਲਾਏ ਗਏ ਹਨ। ਇਨ੍ਹਾਂ ਕਮੇਟੀਆਂ ਵਿੱਚ ਪਾਰਟੀ ਦੇ ਸਾਰੇ ਧੜਿਆਂ ਦੇ ਸੌ ਤੋਂ ਵੱਧ ਆਗੂਆਂ, ਮੰਤਰੀਆਂ ਤੇ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਚੋਣ ਕਮੇਟੀ ਦਾ ਮੁਖੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਚੋਣ ਪ੍ਰਚਾਰ ਕਮੇਟੀ ਦਾ ਮੁਖੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤਾਲਮੇਲ ਕਮੇਟੀ ਦੀ ਮੁਖੀ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੀਡੀਆ ਕਮੇਟੀ ਦਾ ਮੁਖੀ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ ਤੇ ਪਬਲੀਸਿਟੀ ਕਮੇਟੀ ਦਾ ਮੁਖੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ ਹੈ।

ਜਾਖੜ ਦੀ ਅਗਵਾਈ ਹੇਠ ਬਣਾਈ ਚੋਣ ਕਮੇਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਕਿਸ਼ੋਰੀ ਲਾਲ ਸ਼ਰਮਾ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਭਾਰਤ ਭੂਸ਼ਣ ਆਸ਼ੂ, ਓਪੀ ਸੋਨੀ, ਸੁੱਖ ਸਰਕਾਰੀਆ, ਸੁੰਦਰ ਸ਼ਾਮ ਅਰੋੜਾ, ਗੁਰਪ੍ਰੀਤ ਸਿੰਘ ਕਾਂਗੜ ,ਵਿਧਾਇਕ ਕੁਲਜੀਤ ਨਾਗਰਾ, ਗੁਰਕੀਰਤ ਸਿੰਘ ਕੋਟਲੀ, ਨਿਰਮਲ ਸਿੰਘ ਸ਼ੁਤਰਾਣਾ, ਕੁਸ਼ਲਦੀਪ ਸਿੰਘ ਢਿੱਲੋਂ, ਲਖਵੀਰ ਸਿੰਘ ਲੱਖਾ, ਪਵਨ ਆਡੀਆ, ਕੁਲਦੀਪ ਸਿੰਘ ਵੈਦ, ਡਾ.ਅਮਰ ਸਿੰਘ ਤੇ ਈ ਰਹਿਮਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਪ੍ਰਚਾਰ ਕਮੇਟੀ ਵਿਚ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਅੰਬਿਕਾ ਸੋਨੀ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ, ਮਹਿੰਦਰ ਸਿੰਘ ਕੇਪੀ, ਅਸ਼ਵਨੀ ਕੁਮਾਰ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਸਾਧੂ ਸਿੰਘ ਧਰਮਸੋਤ, ਰਜ਼ੀਆ ਸੁਲਤਾਨਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਰਿੰਦਰ ਡਾਵਰ, ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਦਿਆਲ ਕੰਬੋਜ, ਡਾ. ਰਾਜ ਕੁਮਾਰ ਚੱਬੇਵਾਲ, ਦਵਿੰਦਰ ਸਿੰਘ ਘੁਬਾਇਆ, ਕਰਨ ਬਰਾੜ, ਮੁਹੰਮਦ ਸਦੀਕ, ਕਿਟੂ ਗਰੇਵਾਲ, ਸਲਾਮਤ ਮਸੀਹ ਨੂੰ ਸ਼ਾਮਲ ਕੀਤਾ ਗਿਆ ਹੈ।

ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਦੀ ਅਗਵਾਈ ਹੇਠ ਬਣਾਈ ਗਈ ਤਾਲਮੇਲ ਕਮੇਟੀ ਵਿੱਚ ਚਾਰ ਮੰਤਰੀਆਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਸੰਦੀਪ ਸੰਧੂ ਸਮੇਤ ਵੀਹ ਮੈਂਬਰ ਸ਼ਾਮਲ ਕੀਤੇ ਗਏ ਹਨ। ਪਬਲੀਸਿਟੀ ਕਮੇਟੀ ਵਿਚ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ 25 ਮੈਂਬਰ ਤੇ ਮੀਡੀਆ ਕਮੇਟੀ ਵਿੱਚ ਵੀ 25 ਮੈਂਬਰ ਸ਼ਾਮਲ ਕੀਤੇ ਗਏ ਹਨ। ਪੰਜੇ ਕਮੇਟੀਆਂ ਵਿੱਚ ਮੁਅੱਤਲੀ ਤੋਂ ਬਾਅਦ ਬਹਾਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਸਮੇਤ ਸਾਰੇ ਵਿਧਾਇਕ ਵੀ ਸ਼ਾਮਲ ਕੀਤੇ ਗਏ ਹਨ।