ਰਾਮ ਰਹੀਮ ਵਿਰੁੱਧ ਜਾਰੀ ਕਤਲ ਕੇਸ ਦੇ ਫੈਸਲੇ ਤੋਂ ਪਹਿਲਾਂ ਧਾਰਾ 144 ਲਾਗੂ
ਰਾਮ ਰਹੀਮ ਵਿਰੁੱਧ ਜਾਰੀ ਕਤਲ ਕੇਸ ਦੇ ਫੈਸਲੇ ਤੋਂ ਪਹਿਲਾਂ ਧਾਰਾ 144 ਲਾਗੂ

ਪੱਤਰਕਾਰ ਰਾਮਚੰਦਰ ਛੱਤਰਪਤੀ ਹੱਤਿਆਕਾਂਡ ਮਾਮਲੇ ‘ਚ ਪੰਚਕੂਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸਜ਼ਾ ਸੁਣਾਉਣ ਦੇ ਮੱਦੇਨਜ਼ਰ ਪੰਚਕੂਲਾ ਪੁਲਿਸ ਨੇ ਸੈਕਟਰ ਇੱਕ ਤੋਂ ਚਾਰ, ਅਤੇ 21 ਤੋਂ 24 ਵਿੱਚ ਧਾਰਾ 144 ਲਾ ਦਿੱਤੀ ਹੈ। ਹਾਲਾਂਕਿ 25 ਅਗਸਤ 2017 ਨੂੰ ਵੀ ਧਾਰਾ 144 ਲਾਗੂ ਸੀ ਅਤੇ ਉੱਥੇ ਵੱਡੇ ਪੱਧਰ ‘ਤੇ ਹਿੰਸਾ ਹੋਈ ਸੀ।

ਪੰਚਕੂਲਾ ਪੁਲਿਸ ਕਮਿਸ਼ਨਰ ਸੌਰਵ ਸਿੰਘ ਨੇ ਕਿਹਾ ਸੀਬੀਆਈ ਅਦਾਲਤ ਨਾਲ ਲੱਗਦੇ ਸਾਰੇ ਸੈਕਟਰਾਂ ਨੂੰ ਹਰ ਪਾਸਿਓਂ ਪੁਲੀਸ ਨੇ ਘੇਰਾਬੰਦੀ ਕੀਤੀ ਹੋਈ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੁਝ ਗ਼ਲਤ ਕਰਨ ਦਾ ਮੌਕਾ ਨਾ ਮਿਲੇ। ਸੌਰਭ ਸਿੰਘ ਨੇ ਕਿਹਾ ਕਿ ਪੁਲਿਸ ਦੀਆਂ ਕੰਪਨੀਆਂ ਹੋਰਾਂ ਥਾਵਾਂ ਤੋਂ ਵੀ ਮੰਗਵਾਈਆਂ ਗਈਆਂ ਹਨ, ਸਖਤ ਨਾਕੇ ਲਗਾਏ ਗਏ ਹਨ ਕੋਈ ਵੀ ਹਥਿਆਰਬੰਦ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤ ਵਿੱਚ ਲਿਆ ਜਾਵੇਗਾ।

ਕਮਿਸ਼ਨਰ ਨੇ ਕਿਹਾ ਕਿ ਅਦਾਲਤ ਆਮ ਦਿਨਾਂ ਵਾਂਗ ਹੀ ਚੱਲੇਗੀ ਜੋ ਲੋਕ ਕੰਮ ਕਰਨ ਆਉਂਦੇ ਨੇ ਉਹ ਰੁਟੀਨ ਵਿੱਚ ਰਹਿਣਗੇ ਪਰ ਚੈਕਿੰਗ ਸਖ਼ਤ ਹੋ ਜਾਵੇਗੀ। ਵਕੀਲਾਂ ਤੇ ਅਦਾਲਤ ਦੇ ਮੁਲਾਜ਼ਮਾਂ ਦੀ ਪਾਰਕਿੰਗ ਪਿੱਛੇ ਰੱਖੀ ਜਾਵੇਗੀ ਤਾਂ ਕਿ ਅਦਾਲਤ ਦੇ ਨੇੜਲਾ ਇਲਾਕਾ ਖਾਲੀ ਰੱਖਿਆ ਜਾ ਸਕੇ। ਇਸ ਵਾਰ ਪੁਲਿਸ ਲਈ ਹਾਲਾਤ ਕੁਝ ਸੁਖਾਲੇ ਇਸੇ ਕਰਕੇ ਵੀ ਹਨ ਕਿ ਡੇਰਾ ਸਿਰਸਾ ਮੁਖੀ ਦੀ ਪੇਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ। ਧਾਰਾ 144 ਲਾਗੂ ਹੋਣ ਮਗਰੋਂ ਉਸ ਥਾਂ ‘ਤੇ ਚਾਰ ਤੋਂ ਵੱਧ ਜਣੇ ਇਕੱਠੇ ਨਹੀਂ ਹੋ ਸਕਦੇ ਪਰ ਦੇਖਣਾ ਹੋਵੇਗਾ ਕਿ ਪੁਲਿਸ ਤੇ ਪ੍ਰਸ਼ਾਸਨ ਇਸ ਵਾਰ ਕਾਨੂੰਨ ਟੁੱਟਣੋਂ ਬਚਾਉਣ ਵਿੱਚ ਕਿੰਨਾ ਸਫਲ ਰਹਿੰਦੇ ਹਨ।