ਸ਼ਾਂਤੀ ਦੇ ਸੁਨੇਹੇ ਘੱਲ ਰਹੇ ਇਮਰਾਨ ਖ਼ਾਨ ਨੂੰ ਆਇਆ ਮੋਦੀ 'ਤੇ ਗੁੱਸਾ, ਦੋ ਪਰਮਾਣੂ ਸ਼ਕਤੀਆਂ 'ਚ ਯੁੱਧ ਆਤਮਘਾਤੀ !
ਸ਼ਾਂਤੀ ਦੇ ਸੁਨੇਹੇ ਘੱਲ ਰਹੇ ਇਮਰਾਨ ਖ਼ਾਨ ਨੂੰ ਆਇਆ ਮੋਦੀ ‘ਤੇ ਗੁੱਸਾ, ਦੋ ਪਰਮਾਣੂ ਸ਼ਕਤੀਆਂ ‘ਚ ਯੁੱਧ ਆਤਮਘਾਤੀ !

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਦੇ ਕਿਸੇ ਵੀ ਸ਼ਾਂਤੀ ਪ੍ਰਸਤਾਵ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਦੋ ਪਰਮਾਣੂ ਸ਼ਕਤੀਆਂ ਵਿਚਾਲੇ ਕਿਸੇ ਵੀ ਤਰ੍ਹਾਂ ਦਾ ਯੁੱਧ ਆਤਮਘਾਤੀ ਹੋ ਸਕਦਾ ਹੈ। ਸ਼ਾਂਤੀ ਲਈ ਦੋਪੱਖੀ ਗੱਲਬਾਤ ਹੀ ਸਹੀ ਵਿਕਲਪ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਇਮਰਾਨ ਖ਼ਾਨ ਨੇ ਤੁਰਕੀ ਦੀ ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਇਹ ਗੱਲ ਆਖੀ। ਪੀਟੀਆਈ ਮੁਤਾਬਕ ਇਮਰਾਨ ਖ਼ਾਨ ਨੇ ਇੱਛਾ ਜ਼ਾਹਰ ਕੀਤੀ ਕਿ ਉਹ ਇੱਕ ਵਾਰ ਫਿਰ ਭਾਰਤ ਨਾਲ ਸ਼ਾਂਤੀ ਵਾਰਤਾ ਲਈ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਾਲੇ ਜੰਗ ਲਈ ਕਦੀ ਤਿਆਰ ਨਹੀਂ ਰਹੇ ਕਿਉਂਕਿ ਇਹ ਦੋਵਾਂ ਦੇ ਹਿੱਤ ਵਿੱਚ ਨਹੀਂ ਸੀ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨੇ ਕਦੀ ਵੀ ਸ਼ਾਂਤੀ ਵਾਰਤਾ ਪ੍ਰਤੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਭਾਰਤ ਹਮੇਸ਼ਾ ਤੋਂ ਇਹ ਕਹਿੰਦਾ ਆਇਆ ਹੈ ਕਿ ਗੱਲਬਾਤ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ। ਉਨ੍ਹਾਂ ਕਿਹਾ ਕਿ ਜੇ ਭਾਰਤ ਸ਼ਾਂਤੀ ਲਈ ਇੱਕ ਕਦਮ ਵਧਾਉਂਦਾ ਹੈ ਤਾਂ ਉਹ ਦੋ ਕਦਮ ਅੱਗੇ ਵਧਾਉਂਦੇ ਪਰ ਭਾਰਤ ਹਮੇਸ਼ਾ ਤੋਂ ਹੀ ਪਾਕਿਸਤਾਨ ਦੇ ਗੱਲਬਾਤ ਦੇ ਪ੍ਰਸਤਾਵ ਨੂੰ ਲੱਤ ਮਾਰਦਾ ਰਿਹਾ।

ਉਨ੍ਹਾਂ ਕਿਹਾ ਕਿ ਦੋ ਪਰਮਾਣੂ ਸ਼ਕਤੀ ਵਾਲੇ ਦੇਸ਼ਾਂ ਨੂੰ ਯੁੱਧ ਬਾਰੇ ਕਦੀ ਸੋਚਣਾ ਵੀ ਨਹੀਂ ਚਾਹੀਦਾ। ਉਨ੍ਹਾਂ ਵਿਚਾਲੇ ਸ਼ੀਤ ਯੁੱਧ (cold war) ਵੀ ਨਹੀਂ ਹੋਣਾ ਚਾਹੀਦਾ, ਕਿਉਂਕਿ ਇਸ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਦੋ ਪਰਮਾਣੂ ਦੇਸ਼ਾਂ ਲਈ ਯੁੱਧ ਖ਼ੁਦਕੁਸ਼ੀ ਕਰਨ ਵਰਗਾ ਹੈ। ਕਸ਼ਮੀਰ ਦੇ ਮੁੱਦੇ ਸਬੰਧੀ ਇਮਰਾਨ ਨੇ ਕਿਹਾ ਕਿ ਭਾਰਤ ਕਦੀ ਵੀ ਕਸ਼ਮੀਰੀਆਂ ਦੇ ਅਧਿਕਾਰ ਕੁਚਲ ਨਹੀਂ ਪਾਏਗਾ।