ਦੀਵਾਨ ਇੱਕ ਇੰਟਰਵਿਊ ਦੇ ਕੇ ਵਾਪਸ ਮੁੜ ਰਿਹਾ ਸੀ। ਬੱਸ ਹੌਲੀ-ਹੌਲੀ ਆਪਣੀ ਰਫ਼ਤਾਰੇ ਚੱਲ ਰਹੀ ਸੀ। ਬੱਸ ਵਿੱਚ ਹਿਰਾਸੀ ਜਹੀ ਚੁੱਪਚਾਪ ਸੀ। ਹੁਣੇ-ਹੁਣੇ ਨਾਕੇ ਉੱਤੇ ਬੱਸ ਰੋਕੀ ਗਈ ਸੀ। ਸਾਰੀਆਂ ਸਵਾਰੀਆਂ ਹੇਠਾਂ ਉਤਾਰ ਕੇ ਸਮਾਨ ਦੀ ਤਲਾਸ਼ੀ ਲਈ ਗਈ ਸੀ। ਦੀਵਾਨ ਦਾ ਪਲਾਸਟਿਕ ਦਾ ਵੱਡਾ ਲਿਫ਼ਾਫ਼ਾ ਵੀ ਫ਼ੋਲ ਕੇ ਵੇਖਿਆ ਗਿਆ ਸੀ। ਡਿਗਰੀਆਂ ਤੇ ਮੈਰਿਟ ਸਰਟੀਫ਼ਿਕੇਟ ਉੱਤੇ ਨਿਗਾਹ ਮਾਰੀ ਗਈ ਸੀ, ਕਿਤੇ ਅੱਤਵਾਦੀ ਲਿਟਰੇਚਰ ਹੀ ਨਾ ਹੋਵੇ। ਗੁਪਤਵਾਸ ਇਸ਼ਹਿਤਾਰ ਹੀ ਨਾ ਹੋਣ, ਧਮਕੀ ਪੱਤਰ ਹੀ ਨਾ ਹੋਣ। ਇੰਟਰਵਿਊ ਵੇਲੇ ਦੀਵਾਨ ਨੇ ਆਪਣੇ ਸਰਟੀਫ਼ਿਕੇਟ, ਸਵਰਨ ਮੈਡਲ-ਪੱਤਰ, ਵਿਖਾਉਣੇ ਚਾਹੇ ਸਨ ਪਰ ਕਿਸੇ ਨਿਗ੍ਹਾ ਤਕ ਨਹੀਂ ਸੀ ਮਾਰੀ। ਬੱਸ ਦੋ ਹੀ ਸਵਾਲ ਪੁੱਛੇ ਸਨ- ਤੇਰਾ ਨਾਂ ਕੀ ਹੈ? ਜਿਹੜਾ ਅਰਜ਼ੀ ਉੱਤੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸਾਹਮਣੇ ਸੀ। ਉਹ ਇਹ ਨੌਕਰੀ ਕਿਉਂ ਪਸੰਦ ਕਰਦਾ ਏ? ਤਿੰਨ ਖ਼ਾਲੀ ਥਾਵਾਂ ਸਨ। ਦੋ ਰਿਜ਼ਰਵ ਸਨ, ਇੱਕ ਜਨਰਲ ਸੀ। ਦੀਵਾਨ ਨੂੰ ਇਹ ਥਾਂ ਕਿੱਥੇ ਮਿਲਣੀ ਸੀ? ਜਦੋਂ ਕਿ ਬਾਹਰ ਕਾਰਾਂ ਦੀ ਆਵਾਜ਼ ਆ ਰਹੀ ਸੀ ਤੇ ਅੰਦਰ ਟੈਲੀਫ਼ੋਨ ਉੱਤੇ ਹਾਸਿਆਂ ਦਾ ਵਟਾਂਦਰਾ ਹੋ ਰਿਹਾ ਸੀ। ਦੀਵਾਨ ਦੀ ਸੀਟ ਤੋਂ ਅਗਲੀ ਸੀਟ ਉੱਤੇ ਬੋਦੀਆਂ ਵਾਲੇ ਤਿੰਨ ਪੂਰਬੀਏ ਬੈਠੇ ਸਨ। ਦੀਵਾਨ ਨੇ ਸਾਰੀ ਬੱਸ ਵਿੱਚ ਨਿਗ੍ਹਾ ਮਾਰੀ, ਬਾਕੀ ਸਾਰੇ ਪੱਗੜੀਆਂ ਵਾਲੇ ਹੀ ਸਨ। ਸਵਾਰੀਆਂ ਵਿੱਚ ਸ਼ਾਇਦ ਦੋ ਜਾਂ ਤਿੰਨ ਔਰਤਾਂ ਸਨ। ਸੂਰਜ ਹਾਲੀ ਛੁਪਿਆ ਨਹੀਂ ਸੀ ਪਰ ਲੱਗਦਾ ਸੀ ਜਿਵੇਂ ਹਨੇਰਾ ਹੋ ਗਿਆ ਹੋਵੇ ਹਰ ਇੱਕ ਅੰਦਰ ਇੱਕ ਕਾਹਲ ਸੀ, ਇੱਕ ਬੇਅਰਾਮੀ ਸੀ, ਇੱਕ ਡਰ ਸੀ। ਹਨੇਰਾ ਹੋਣ ਤੋਂ ਪਹਿਲਾਂ ਹਰ ਕੋਈ ਘਰ ਪਹੁੰਚਣਾ ਚਾਹੁੰਦਾ ਸੀ। ਬੱਸ ਵਿੱਚ ਡਰਾਈਵਰ ਨੇ ਬੜੀ ਉੱਚੀ ਆਵਾਜ਼ ਵਿੱਚ ਟੇਪ ਲਗਾਈ ਹੋਈ ਸੀ। ਟੇਪ ਦਾ ਰੌਲਾ ਬੜਾ ਹੀ ਅਕਾਊ ਲੱਗ ਰਿਹਾ ਸੀ। ਅਗਲੇ ਸਟਾਪ ‘ਤੇ ਬੱਸ ਰੁਕੀ। ਦੋ ਸਵਾਰੀਆਂ ਇੱਕ ਮਰਦ ਅਤੇ ਇੱਕ ਤੀਵੀਂ ਜਾਂ ਕਹੋ ਕਿ ਇੱਕ ਮੁੰਡਾ ਅਤੇ ਇੱਕ ਕੁੜੀ, ਸਵਾਰ ਹੋਏ। ਮੁਟਿਆਰ ਦਾ ਲਾਲ ਚੂੜਾ ਛਣਕਿਆ। ਲਾਲ ਰੰਗ ਦੀ ਸੁਨਹਿਰੀ ਗੋਟੇ ਵਾਲੀ ਚੁੰਨੀ ਉਸ ਦੇ ਸਿਰੋਂ ਲੱਥ ਕੇ ਮੋਢਿਆਂ ਉੱਤੇ ਆ ਅਟਕੀ। ਮੁਟਿਆਾਰ ਦੇ ਮਗਰ-ਮਗਰ ਗੱਭਰੂ ਵੀ ਆਪਣੀ ਨਵੀਂ ਪੈਂਟ ਉਪਰ ਨੂੰ ਚੁੱਕਦਾ ਹੋਇਆ ਬੱਸ ਵਿੱਚ ਆ ਚੜ੍ਹਿਆ। ਦੀਵਾਨ ਦੇ ਸਾਹਮਣੇ ਵਾਲੀ ਦੋ ਸਵਾਰੀਆਂ ਵਾਲੀ ਖ਼ਾਲੀ ਸੀਟ ਉੱਤੇ ਦੋਵੇਂ ਬੈਠ ਗਏ। ਬੱਸ ਵਿੱਚ ਇੱਕ ਖੁਸ਼ਗਵਾਰ ਖ਼ੁਸ਼ਬੋ ਫ਼ੈਲ ਗਈ ਸੀ। ਲਗਪਗ ਸਾਰੀਆਂ ਪਹਿਲਾਂ ਬੈਠੀਆਂ ਸਵਾਰੀਆਂ ਕਿਸੇ ਨਾ ਕਿਸੇ ਕੋਣ ਤੋਂ ਇਸ ਨਵ-ਵਿਆਹੁਤਾ ਜੋੜੇ ਨੂੰ ਵੇਖ ਰਹੀਆਂ ਸਨ। ਕੰਡਕਟਰ ਦਾ ਧਿਆਨ ਵੀ ਇਸ ਜੋੜੇ ਵਲ ਸੀ। ਡਰਾਈਵਰ ਨੇ ਵੀ ਆਪਣਾ ਕੋਣ-ਦਰਪਣ ਨੀਵਾਂ ਕਰ ਕੇ ਇਸ ਜੋੜੇ ਉੱਤੇ ਸੇਧਿਤ ਕਰ ਲਿਆ ਸੀ। ਉਸ ਨੇ ਟੇਪ ਬੰਦ ਕਰ ਦਿੱਤੀ ਸੀ। ਨਵ-ਵਿਆਹੁਤਾ ਜੋੜਾ ਹੱਸ-ਹੱਸ ਗੱਲਾਂ ਕਰ ਰਿਹਾ ਸੀ। ਗੱਲਾਂ ਬਹੁਤੀਆਂ ਮੁਟਿਆਰ ਹੀ ਕਰ ਰਹੀ ਸੀ।
ਨੌਜਵਾਨ ਤਾਂ ਥੋੜ੍ਹਾ ਸਿਰ ਹਿਲਾ ਰਿਹਾ ਸੀ ਜਾਂ ਹਾਂ, ਹੂੰ ਕਰ ਰਿਹਾ ਲੱਗਦਾ ਸੀ। ਮੁਟਿਆਰ ਮੁੰਡੇ ਉੱਤੇ ਡੁੱਲ੍ਹ-ਡੁੱਲ੍ਹ ਪੈ ਰਹੀ ਸੀ। ਕਦੀ ਉਹ ਆਪਣੀ ਗਰਦਨ ਆਪਣੇ ਗੱਭਰੂ ਦੇ ਮੋਢੇ ਉੱਤੇ ਰੱਖ ਦਿੰਦੀ। ਕਦੀ ਉਹ ਆਪਣੀ ਬਾਂਹ ਉਸ ਦੀ ਗਰਦਨ ਦੁਆਲੇ ਵਲ ਦਿੰਦੀ। ਬਹੁਤੀਆਂ ਸਵਾਰੀਆਂ ਦੀਆਂ ਅੱਖਾਂ ਤੇ ਕੰਨ ਤੇ ਸ਼ਾਇਦ ਦਿਲ ਵੀ, ਇਸ ਜੋੜੇ ਦੇ ਚੋਹਲ-ਪਿਆਰ ਵਲ ਸੀ। ਕਈ ਅੱਧਖੜ ਸਵਾਰੀਆਂ ਆਪਾ ਭੁੱਲ ਕੇ ਆਪਣੀ- ਆਪਣੀ ਸੁਹਾਗ-ਰਾਤ ਜਾਂ ਹਨੀਮੂਨ ਯਾਤਰਾ ਦੇ ਪਿਛਲੇ ਚਿੱਤਰ ਵਿੱਚ ਪ੍ਰਵੇਸ਼ ਕਰ ਗਏ ਸਨ। ਡਾਰਲਿੰਗ ਮੈਂ ਤੇਰੀ ਗੁੱਤ ਵਿੱਚ ਅਸਮਾਨ ਦੇ ਤਾਰੇ ਤੋੜ ਕੇ ਸਜਾ ਦਿਆਂਗਾ। ਡੀਅਰ, ਮੈਨੂੰ ਕਿਰਨਾਂ ਦਾ ਉਡਣ-ਖਟੋਲਾ ਬਣਾਕੇ ਲੈ ਜਾ। ਡਾਰਲਿੰਗ, ਮੈਂ ਤੈਨੂੰ ਹਰ ਤੱਤੀ ਹਵਾ ਤੋਂ, ਹਰ ਬੁਰੀ ਨਜ਼ਰ ਤੋਂ ਬਚਾ ਕੇ ਰੱਖਾਂਗਾ। ਓ, ਮੇਰੇ ਰਾਂਝੇ……..। ਤੇਰਾ ਨਾਮ ਲਾਜਵੰਤੀ ਏ। ਮੈਂ ਤੈਨੂੰ ਲਾਡੋ ਕਹਿ ਸੱਦਿਆ ਕਰਾਂ ਤਾਂ ਤੈਨੂੰ ਬੁਰਾ ਤਾਂ ਨਹੀਂ ਲੱਗੇਗਾ- ਹਾਏ ਮੇਰੀ ਲਾਡੋ। ਮੈਂ ਜਦੋਂ ਪਹਿਲੀ ਵਾਰ ਤੇਰੇ ਵੱਲ ਵੇਖਿਆ ਸੀ ਤਾਂ ਮੈਨੂੰ ਲਗਾ ਸੀ ਦੁਨੀਆ ਵਿੱਚ ਤੂੰ ਹੀ ਇੱਕੋ-ਇੱਕ ਮਰਦ ਏਂ ਜਿਸ ਨੂੰ ਮੈਂ ਚਾਹੁੰਦੀ ਸਾਂ। ਅਗਲੇ ਸਾਲ ਜਦੋਂ ਬੋਨਸ ਮਿਲਿਆ ਤਾਂ ਆਪਾਂ ਕਸ਼ਮੀਰ ਜਾਵਾਂਗੇ। ਦੀਵਾਨ ਦੀ ਮੰਗਣੀ ਹੋਈ ਨੂੰ ਤਿੰਨ ਸਾਲ ਹੋ ਗਏ ਸਨ ਪਰ ਸ਼ਾਦੀ ਅੱਗੇ ਹੀ ਅੱਗੇ ਪਾਉਣੀ ਪੈ ਰਹੀ ਸੀ। ਨੌਕਰੀ ਮਿਲੇ ਤਾਂ ਹੀ ਸ਼ਾਦੀ ਹੋਵੇ।
ਦੀਵਾਨ ਆਪਣੀ ਮਾਯੂਸੀ ਪਲ ਦੀ ਪਲ ਭੁੱਲ ਗਿਆ ਸੀ ਪਰ ਕਲਪ-ਸੁਹਜ ਸੰਸਾਰ ਵਿੱਚ ਉਡਾਰੀ ਨਹੀਂ ਸੀ ਮਾਰ ਸਕਿਆ। ਸ਼ਾਮ ਦੀਆਂ ਖ਼ਬਰਾਂ ਦਾ ਵੇਲਾ ਸੀ। ਡਰਾਈਵਰ ਨੇ ਟਰਾਂਜਿਸਟਰ ਆਨ ਕਰ ਦਿੱਤਾ-ਬੀਤੀ ਸ਼ਾਮ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਭਰਥਲਾ ਵਿਖੇ ਇੱਕ ਪਰਿਵਾਰ ਦੇ ਅੱਠ ਜੀ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤੇ ਗਏ। ਜਿਨ੍ਹਾਂ ਵਿੱਚ ਦੋ ਨਿੱਕੇ ਬੱਚੇ ਅਤੇ ਇੱਕ ਸਜ-ਵਿਆਹਿਆ ਜੋੜਾ ਵੀ ਸੀ। ਬੱਸ ਵਿੱਚ ਮਾਤਮੀ ਸੰਨਾਟਾ ਛਾ ਗਿਆ। ਸਾਰੇ ਜਿਵੇਂ ਦਿਲ ਹੀ ਦਿਲ ਵਿੱਚ ਅਰਦਾਸ ਕਰ ਰਹੇ ਸਨ-‘ਇਸ ਖ਼ੁਸ਼ ਜੋੜੇ ਨੂੰ ਜ਼ਿੰਦਗੀ ਜੀਉਣ ਦਾ ਮੌਕਾ ਮਿਲੇ।’ ਮੁਟਿਆਰ ਨੇ ਆਪਣੇ ਲਾੜੇ ਨੂੰ ਕਿਹਾ ਕੀ ਗੱਲ ਚੁੱਪ ਕਿਉਂ ਹੋ ਗਏ? ਕੀ ਵੇਖ ਰਹੇ ਹੋ? ਗੱਭਰੂ ਦਾ ਧਿਆਨ ਬੱਸ ਦੀ ਦੀਵਾਰ ਉੱਤੇ ਸੀ। ‘ਰੱਬ ਤੇ ਮੌਤ ਨੂੰ ਸਦਾ ਯਾਦ ਰੱਖੋ।’ ਡੀਅਰ ਛੱਡੋ ਪਰਾਂਹ ਇਹ ਉਦਾਸੀ। ਮੌਤ ਬਾਰੇ ਸੋਚਣ ਲਈ ਹਾਲੀ ਬਥੇਰਾ ਸਮਾਂ ਪਿਆ ਏ। ਤੇ ਉਹ ਫ਼ੇਰ ਹੱਸ-ਹੱਸ ਗੱਲਾਂ ਕਰਨ ਲੱਗੇ। ਦੀਵਾਨ ਦੀ ਅਗਲੀ ਸੀਟ ਉੱਤੇ ਪਰਵਾਸੀ ਆਪਸ ਵਿੱਚ ਹੌਲੀ-ਹੌਲੀ ਗੱਲਾਂ ਕਰ ਰਹੇ ਸਨ-ਇੱਕ ਨੇ ਪਿਛਾਂਹ ਨੂੰ ਧੌਣ ਮੋੜ ਕੇ ਕਿਹਾ- ਸਰਦਾਰ ਜੀ ਪੱਟੀ ਕਭ ਆਏਗਾ? ਦੀਵਾਨ ਆਪਣੇ ਆਪ ਵਿੱਚ ਵਾਪਸ ਆਇਆ। ਉਸ ਨੇ ਸੋਚਿਆ-ਬਿਹਾਰ ਦੇ ਲੋਕ ਪੰਜਾਬ ਵਿੱਚ ਤੇ ਫ਼ਿਰ ਪੱਟੀ ਤਕ ਪਹੁੰਚਦਿਆਂ ਡਰਦੇ ਨਹੀਂ? ਪੇਟ ਦੀ ਲੋੜ ਸਭ ਤਰ੍ਹਾਂ ਦੇ ਖ਼ਤਰਿਆਂ ਉੱਤੇ ਮਾਰੂ ਹੋ ਜਾਂਦੀ ਹੈ ਸ਼ਾਇਦ। ਬੱਸ, ਅਗਲੇ ਸਟਾਪ ਉੱਤੇ ਪੰਜ ਮਿੰਟ ਰੁਕੀ। ਇੱਕ ਹੋਕੇ ਵਾਲਾ ਆ ਚੜ੍ਹਿਆ-ਉਸ ਨੇ ਸਾਰੀ ਬੱਸ ਵਿੱਚ ਆਪਣੀ ਤੇਜ਼ ਨਿਗ੍ਹਾ ਘੁਮਾਈ। ਅੰਗੂਠੀ ਨਾਲ ਬੱਸ ਦਾ ਛੱਤ ਵਾਲਾ ਡੰਡਾ ਖੜਕਾਇਆ। ”ਲੈ ਭਾਈ ਵੀਰੋ, ਸੱਜਣੋਂ, ਭੈਣੋਂ, ਮਾਤਾਓ ਮੇਰੇ ਪਾਸ ਇਹ ਅੰਗੂਠੀ ਹੈ, ਜੰਡਿਆਲੇ ਵਾਲੇ ਯੋਗੀ ਮਹਾਰਾਜ ਦੀ ਸਾਧਨਾ। ਧਰਨ ਤੇ ਬਵਾਸੀਰ ਦਾ ਖ਼ਾਸ ਇਲਾਜ ਹੈ। ਇਹ ਅੰਗੂਠੀ ਪਹਿਨਣ ਨਾਲ ਦਿਲ ਦੀਆਂ ਬਿਮਾਰੀਆਂ ਦੂਰ ਭੱਜਦੀਆਂ ਹਨ। ਡੇਰੇ ਆਵੋਗੇ ਤਾਂ ਇਸ ਅੰਗੂਠੀ ਦਾ ਮੁੱਲ ਪੰਜ ਰੁਪਏ ਹੈ, ਹੁਣ ਇਸ ਦੀ ਕੀਮਤ ਸਿਰਫ਼ ਇੱਕ ਰੁਪਿਆ-ਇੱਕ ਰੁਪਿਆ, ਇੱਕ ਰੁਪਿਆ। ਆਇਆ ਭੈਣ ਜੀ, ਆਇਆ ਵੀਰ ਜੀ।” ਮੁਟਿਆਰ ਪਤਾ ਨਹੀਂ ਕਿਸ ਗੱਲੋਂ, ਸ਼ਾਇਦ ਧਰਨ ਵਾਲੀ ਗੱਲ ਤੋਂ ਖਿੜ-ਖਿੜਾ ਕੇ ਉੱਚੀ-ਉੱਚੀ ਹੱਸੀ। ਸਵਾਰੀਆਂ ਦਾ ਧਿਆਨ ਧਰਨ, ਬਵਾਸੀਰ ਤੇ ਦਿਲ ਦੀਆਂ ਖ਼ਤਰਨਾਕ ਬੀਮਾਰੀਆਂ ਤੋਂ ਹੱਟ ਕੇ ਫ਼ੇਰ ਇਸ ਜੋੜੇ ਵਲ ਮੁੜਿਆ। ਬੱਸ ਦੀ ਘੁੱਟੀ- ਘੁੱਟੀ ਹਵਾ ਵਿੱਚ ਫ਼ੇਰ ਤਾਜ਼ਗੀ ਪਰਤੀ। ਦੀਵਾਨ ਦਾ ਧਿਆਨ ਬਾਹਰ ਖੇਤਾਂ ਵਲ ਪਰਤਿਆ। ਝੋਨਾ ਪੱਕਣ ਉੱਤੇ ਆਇਆ ਹੋਇਆ ਸੀ। ਕਿਤੇ-ਕਿਤੇ ਝੋਨਾ ਵੱਢਿਆ ਤੇ ਝਾੜਿਆ ਜਾ ਰਿਹਾ ਸੀ। ਵਾਤਾਵਰਣ ਵਿੱਚ ਹੌਲੀ-ਹੌਲੀ ਹਨੇਰਾ ਘੁਲ ਰਿਹਾ ਸੀ ਪਰ ਬੱਸ ਵਿੱਚ ਹੁਣ ਨਿੱਕਾ-ਨਿੱਕਾ ਚਾਨਣ ਬਾਕੀ ਸੀ। ਇੱਕ ਹਾਸੇ ਦੀ ਆਬਸ਼ਾਰ ਵਿੱਚ ਸਾਰੇ ਨਹਾ ਰਹੇ ਲੱਗਦੇ ਸਨ। ਬਹਾਰ ਬਹੁਤ ਉੱਚਾ ਖੜਾਕ ਹੋਇਆ। ਠਾਹ ਦੀ ਜ਼ੋਰਦਾਰ ਆਵਾਜ਼ ਆਈ। ਸਾਰੀ ਬੱਸ ਇੱਕਦਮ ਦਹਿਲ ਗਈ। ਸਕਤਾ ਮਾਰ ਗਿਆ। ਦਿਲ ਕੰਬ ਗਿਆ। ਹੇ ਰਾਮ, ਹੇ ਸੱਚੇ ਪਾਤਸ਼ਾਹ ਸੁੱਖ ਰੱਖੀਂ ਪਰ ਨਹੀਂ, ਇਹ ਕਿਸੇ ਗੋਲੀ ਜਾਂ ਬੰਬ ਦੀ ਆਵਾਜ਼ ਨਹੀਂ ਸੀ। ਬਾਹਰ ਸਾਈਕਲ ਦਾ ਟਾਇਰ ਫ਼ਟ ਗਿਆ ਸੀ। ਮੁਟਿਆਰ ਫ਼ੇਰ ਬਹੁਤ ਉੱਚਾ ਹੱਸੀ। ਲੋ ਵੇਖੋ ਕਿਵੇਂ ਸਾਰੇ ਛਾਤੀ ਨੱਪ ਕੇ ਬਹਿ ਗਏ ਨੇ।’ ਅਗਲੇ ਸਟਾਪ ਉੱਤੇ ਮੁਟਿਆਰ ਅਤੇ ਉਸ ਦਾ ਘਰ ਵਾਲਾ ਉਤਰ ਗਏ-ਮੁਟਿਆਰ ਨੇ ਉਤਰਦਿਆਂ ਕਿਹਾ-ਚੰਗਾ ਬਾਏ, ਗੁੱਡ ਨਾਈਟ।’ ਤੇ ਹੱਸਦੀ ਦੇ ਦੰਦ ਤਰੇਲ ਨਹਾਤੀਆਂ ਕਲੀਆਂ ਵਾਂਗ ਖਿੜ ਪਏ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ