ਮੋਦੀ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਦਾਕਾਰ ਨੇ ਮਾਰੀ ਸਿਆਸਤ ’ਚ ਐਂਟਰੀ
ਮੋਦੀ ਨੂੰ ਖਰੀਆਂ-ਖਰੀਆਂ ਸੁਣਾਉਣ ਵਾਲੇ ਅਦਾਕਾਰ ਨੇ ਮਾਰੀ ਸਿਆਸਤ ’ਚ ਐਂਟਰੀ

ਦੱਖਣ ਭਾਰਤੀ ਫਿਲਮਾਂ ਸਮੇਤ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਧਮਾਲ ਮਚਾਉਣ ਵਾਲੇ ਅਦਾਕਾਰ ਪ੍ਰਕਾਸ਼ ਰਾਜ ਨੇ ਸਿਆਸਤ ਵਿੱਚ ਕਦਮ ਰੱਖ ਲਿਆ ਹੈ। ਉਨ੍ਹਾਂ ਟਵਿੱਟਰ ’ਤੇ ਐਲਾਨ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨਗੇ। ਹਾਲਾਂਕਿ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਹ ਕਿਸ ਸੀਟ ਤੋਂ ਚੋਣਾਂ ਲੜਨਗੇ। ਯਾਦ ਰਹੇ ਪ੍ਰਕਾਸ਼ ਰਾਜ ਅਕਸਰ ਹੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਅਲੋਚਨਾ ਕਰਦੇ ਰਹਿੰਦੇ ਹਨ।

ਪ੍ਰਕਾਸ਼ ਰਾਜ ਨੇ ਸਾਊਥ ਦੀਆਂ ਕਈ ਫਿਲਮਾਂ ਕੀਤੀਆਂ ਪਰ ਉਹ ਸਲਮਾਨ ਖ਼ਾਨ ਦੀ ਫਿਲਮ ਵਾਂਟਿਡ ਤੋਂ ਚਰਚਾ ਵਿੱਚ ਆਏ ਸੀ। ਉਹ ਕਈ ਵਾਰ ਮੋਦੀ ਸਰਕਾਰ ਤੇ ਬੀਜੇਪੀ ਦੀ ਆਲੋਚਨਾ ਕਰ ਚੁੱਕੇ ਹਨ। ਕਰਨਾਟਕ ਦੇ ਮੁੱਖ ਮੰਤਰੀ ਵਜੋਂ ਯੇਦਯਰੱਪਾ ਦੇ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਬੀਜੇਪੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਾਰ ਕਰਦਿਆਂ ਕਿਹਾ ਸੀ ਕਿ ਕਰਨਾਟਕ ਦਾ ਰੰਗ ਕੇਸਰੀ ਨਹੀਂ ਹੋਏਗਾ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਮਾਈਕ੍ਰੋਬਲਾਗਿੰਗ ਸਾਈਟ ’ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਸੀ। ਪ੍ਰਕਾਸ਼ ਰਾਜ ਪੀਐਮ ਮੋਦੀ ਦੇ ਕਰੜੇ ਆਲੋਚਕ ਮੰਨੇ ਜਾਂਦੇ ਹਨ। ਆਪਣੇ ਬਿਆਨਾਂ ਕਰਕੇ ਉਹ ਅਕਸਰ ਚਰਚਾਵਾਂ ਵਿੱਛ ਰਹਿੰਦੇ ਹਨ। ਕੌਮੀ ਪੁਰਸਕਾਰ ਜਿੱਤ ਚੁੱਕੇ ਪ੍ਰਕਾਸ਼ ਰਾਜ ਨੇ ਗੌਰੀ ਲੰਕੇਸ਼ ਦੇ ਕਤਲ ਤੇ ਕਠੁਆ ਬਲਾਤਰਾਕ ਮਾਮਲੇ ਸਬੰਧੀ ਵੀ ਬਿਆਨ ਦਿੱਤੇ ਸੀ।